Colonel Bath Assault Case : ਕਰਨਲ ਬਾਠ ਦੀ ਪਤਨੀ ਨੇ ਕੇਂਦਰੀ ਰਾਜ ਮੰਤਰੀ ਕੋਲ ਲਗਾਈ ਇਨਸਾਫ ਦੀ ਗੁਹਾਰ
Colonel Bath Assault Case : ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਅਤੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ, ਪੰਜਾਬ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਜਸਵਿੰਦਰ ਕੌਰ ਬਾਠ ਨੇ ਅੱਜ ਕੇਂਦਰੀ ਗ੍ਰਿਹਿ ਰਾਜ ਮੰਤਰੀ ਸੰਜੇ ਕੁਮਾਰ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਸੰਜੇ ਕੁਮਾਰ ਨੂੰ ਜਸਵਿੰਦਰ ਕੌਰ ਬਾਠ ਦੇ ਪਤੀ ਅਤੇ ਪੁੱਤਰ ਨਾਲ ਪੁਲਿਸ ਵੱਲੋਂ ਕੀਤੀ ਗਈ ਮਾਰਕੁਟ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਸ ਮਾਮਲੇ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸਦੇ ਨਾਲ ਹੀ ਗੁਰਤੇਜ ਸਿੰਘ ਢਿੱਲੋਂ ਵੱਲੋਂ ਜਸਪ੍ਰੀਤ ਸਿੰਘ ਪੁੱਤਰ ਸ. ਲਖਵਿੰਦਰ ਸਿੰਘ, ਜਿਸਦੀ ਪੰਜਾਬ ਪੁਲਿਸ ਵੱਲੋਂ 13 ਮਾਰਚ ਨੂੰ ਕੀਤੇ ਇਨਕਾਉਂਟਰ ਦੌਰਾਨ ਮੌਤ ਹੋ ਗਈ ਸੀ, ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਪੁਲਿਸ ਵੱਲੋਂ ਇਹ ਝੂਠਾ ਇਨਕਾਉਂਟਰ ਕੀਤਾ ਗਿਆ ਹੈ ਅਤੇ ਇੱਕ ਨੌਜਵਾਨ ਨੂੰ ਮਾਰ ਦਿੱਤਾ ਗਿਆ ਹੈ।
ਢਿੱਲੋ ਨੇ ਕੇਂਦਰੀ ਰਾਜ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਹੋ ਗਿਆ ਹੈ ਅਤੇ ਹਰ ਪਾਸੇ ਗੁੰਡਾ ਰਾਜ, ਲੁੱਟ ਖੋਹ ਅਤੇ ਮਾਰਕੁਟਾਈ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ, ਜਿਨ੍ਹਾਂ ਨੂੰ ਰੋਕਣ ਵਿੱਚ ਸੂਬਾ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਹੋ ਗਈ ਹੈ ਅਤੇ ਕੇਵਲ ਵਾਹਵਾਹੀ ਖੱਟਣ ਲਈ ਸੂਬਾ ਸਰਕਾਰ ਝੂਠੇ ਪ੍ਰਚਾਰ ਕਰ ਰਹੀ ਹੈ। ਉਹਨਾਂ ਕੇਂਦਰੀ ਰਾਜ ਮੰਤਰੀ ਤੋਂ ਉਪਰੋਕਤ ਦੋਹਾਂ ਮਾਮਲਿਆਂ ਵਿੱਚ ਦਖਲ ਦੇ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ, ਜਿਸ ਤੇ ਕੇਂਦਰੀ ਰਾਜ ਮੰਤਰੀ ਵੱਲੋਂ ਉਹਨਾਂ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇਗਾ।
ਇਹ ਵੀ ਪੜ੍ਹੋ : Punjab News : ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਪੁਲਿਸ ਨੇ ਦਿੱਤੀ ਕਲੀਨ ਚਿੱਟ, ਅਦਾਲਤ 'ਚ ਕਲੋਜਰ ਰਿਪੋਰਟ ਦਾਖ਼ਲ
- PTC NEWS