ਹੁਸ਼ਿਆਰਪੁਰ ਵਿਖੇ 9 ਅਕਤੂਬਰ ਨੂੰ ਹੋਵੇਗੀ ਸੰਵਿਧਾਨ ਬਚਾਓ ਮਹਾਂਪੰਚਾਇਤ ਮਹਾਰੈਲੀ - ਜਸਵੀਰ ਸਿੰਘ ਗੜ੍ਹੀ
ਹੁਸ਼ਿਆਰਪੁਰ: ਬਸਪਾ ਪੰਜਾਬ ਵਲੋਂ ਗਰੀਬਾਂ, ਦਲਿਤਾਂ ਤੇ ਪਿਛੜੇ ਵਰਗਾਂ ਦੀ ਲਾਮਬੰਦੀ ਲਈ ਸੂਬਾ ਪੱਧਰੀ ਸੰਵਿਧਾਨ ਬਚਾਓ ਮਹਾਂਪੰਚਾਇਤ ਮਹਾਂਰੈਲੀ 9 ਅਕਤੂਬਰ ਨੂੰ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦੇ ਪਰੀਨਿਰਵਾਣ ਦਿਵਸ ਮੌਕੇ ਹੁਸ਼ਿਆਰਪਰ ਵਿਖੇ ਕੀਤੀ ਜਾਵੇਗੀ। ਜਿੱਥੇ ਨੌਜਵਾਨ ਆਗੂ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਮੁੱਖ ਮਹਿਮਾਨ ਹੋਣਗੇ।
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਕਾਸ਼ ਆਨੰਦ ਨੇ ਪੂਰੇ ਦੇਸ਼ ਵਿੱਚ ਬਹੁਜਨ ਸਮਾਜ ਨੂੰ ਲਾਮਬੰਦ ਕਰਨ ਲਈ ਰੈਲੀਆਂ, ਕੇਡਰ ਕੈਂਪਾਂ ਤੇ ਪੈਦਲ ਯਾਤਰਾਵਾਂ ਦੀ ਅਨੰਤ ਲੜੀ ਨਾਲ ਬਸਪਾ ਕੇਡਰ ਵਿੱਚ ਜੋਸ਼ ਦਾ ਸੰਚਾਰ ਕੀਤਾ ਹੈ, ਜੋ ਕਿ ਆਗਾਮੀ ਲੋਕ ਸਭਾ ਦੀਆਂ ਚੋਣਾਂ ਵਿੱਚ ਚੰਗੇ ਨਤੀਜ਼ੇ ਵਜੋਂ ਸਹਾਈ ਹੋਵੇਗਾ।
ਉਨ੍ਹਾਂ ਕਿਹਾ, "ਅੱਜ ਪਟਿਆਲਾ ਵਿਖੇ ਆਮ ਆਦਮੀ ਵਲੋਂ ਮਾਤਾ ਕੁਸ਼ੱਲਿਆ ਹਸਪਤਾਲ ਦੇ ਆਈ.ਸੀ.ਯੂ. ਦੇ ਉਦਘਾਟਨ ਲਈ 1560 ਸਰਕਾਰੀ ਬੱਸਾਂ ਦੀ ਦੁਰਵਰਤੋਂ ਅਤੇ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਬੱਸ ਇੰਚਾਰਜ ਵਜੋਂ ਲਗਾਉਣਾ ਅਰਵਿੰਦ ਕੇਜਰੀਵਾਲ ਦੇ ਬਦਲਾਓ ਦੇ ਜੁਮਲੇ ਤੇ ਕਲੰਕ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਬਦਲਾਓ ਦੇ ਵਾਅਦਿਆਂ ਦੀ ਫ਼ੂਕ ਨਿਕਲ ਚੁੱਕੀ ਹੈ।"
ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਤਿੰਨ ਕਰੋੜ ਪੰਜਾਬੀਆਂ ਨੂੰ ਬਦਲਾਅ ਦੇ ਨਾਮ ਤੇ ਗੁੰਮਰਾਹ ਕਰਕੇ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਹੋਂਦ ਵਿੱਚ ਲਿਆਕੇ ਲੋਕਾਂ ਦੀਆਂ ਪਵਿੱਤਰ ਭਾਵਨਾਵਾਂ ਦਾ ਘਾਣ ਕੀਤਾ।
ਉਨ੍ਹਾਂ ਕਿਹਾ, "ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਤਾਂ ਲਗਾਈ ਪ੍ਰੰਤੂ ਬਾਬਾ ਸਾਹਿਬ ਅੰਬੇਡਕਰ ਦੇ ਸਮਾਜ ਨੂੰ ਸਰਕਾਰੀ ਨੀਤੀਆਂ ਵਿੱਚ ਕੁਚਲਿਆ ਜਾ ਰਿਹਾ ਹੈ। ਦਲਿਤ ਡਿਪਟੀ ਮੁੱਖ ਮੰਤਰੀ ਲਗਾਉਣ ਦਾ ਲਾਰਾ ਇਸੇ ਕੜੀ ਦਾ ਹਿੱਸਾ ਹੈ।"
ਉਨ੍ਹਾਂ ਕਿਹਾ ਕਿ ਤਾਜ਼ਾ ਘਟਨਾ ਵਿਚ ਅਨੁਸੂਚਿਤ ਜਾਤੀਆਂ, ਪਿਛੜੀਆਂ ਸ਼੍ਰੇਣੀਆਂ ਤੇ ਧਾਰਮਿਕ ਘੱਟਗਿਣਤੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਅਗਲੇ ਸੈਸ਼ਨ ਤੋਂ ਰੋਕ ਦੇਣ ਦਾ ਸੈਨਟ ਦਾ ਫੈਸਲਾ ਸਰਗੋਸ਼ੀਆਂ ਵਿੱਚ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪੰਜਾਬ ਸਰਕਾਰ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਬਕਾਇਆ ਨਾ ਦੇਣ ਦਾ ਦੋਸ਼ ਲਗਾਇਆ ਹੈ।
- PTC NEWS