HC ਪੁੱਜਿਆ ਮੁੱਲਾਂਪੁਰ ਸਟੇਡੀਅਮ ਦਾ ਮਾਮਲਾ, ਪਟੀਸ਼ਨਕਰਤਾ ਨੇ ਬਿਨਾਂ ਵਾਤਾਵਰਣ ਕਲੀਰੈਂਸ ਦੇ ਬਣਾਉਣ ਦੇ ਲਾਏ ਦੋਸ਼
ਪੀਟੀਸੀ ਨਿਊਜ਼ ਡੈਸਕ: ਪੰਜਾਬ ਦੇ ਮੁੱਲਾਂਪੁਰ 'ਚ ਬਣੇ ਨਵੇਂ ਕ੍ਰਿਕਟ ਸਟੇਡੀਅਮ (Mullanpur Stadium) ਨੂੰ ਅਜੇ ਲੋਕਾਂ ਨੂੰ ਸਮਰਪਤ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਕਿ ਇਸ ਦੇ ਨਿਰਮਾਣ ਨੂੰ ਲੈ ਕੇ ਮਾਮਲਾ ਭਖ ਗਿਆ ਹੈ। ਪੰਜਾਬ-ਹਰਿਆਣਾ ਹਾਈਕੋਰਟ 'ਚ ਹੁਣ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ ਅਤੇ ਆਰੋਪ ਲਾਏ ਗਏ ਹਨ ਕਿ ਸਟੇਡੀਅਮ ਦਾ ਨਿਰਮਾਣ ਬਿਨਾਂ ਵਾਤਾਵਰਣ ਕਲੀਰੈਂਸ ਦੇ ਕੀਤਾ ਗਿਆ ਹੈ, ਜੋ ਕਿ ਈਕੋ ਸੈਂਸੀਟਿਵ ਜ਼ੋਨ ਵਿੱਚ ਬਣਾਇਆ ਗਿਆ ਹੈ।
ਦੱਸ ਦਈਏ ਕਿ ਸਟੇਡੀਅਮ 'ਚ ਕ੍ਰਿਕਟ ਮੈਚਾਂ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਨੇ ਵੀ ਮਨਜੂਰੀ ਦੇ ਦਿੱਤੀ ਹੋਈ ਹੈ, ਜਿਸ ਦੇ ਨਤੀਜੇ ਵਜੋਂ ਹੀ ਸਟੇਡੀਅਮ 23 ਮਾਰਚ ਨੂੰ ਆਈਪੀਐਲ 2024 ਦੇ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲ ਵਿਚਕਾਰ ਦੂਜੇ ਮੈਚ ਨਾਲ ਲੋਕਾਂ ਨੂੰ ਸਮਰਪਤ ਹੋਇਆ ਸੀ।
ਐਡਵੋਕੇਟ ਸੁਨੈਨਾ ਨੇ ਹਾਈਕੋਰਟ 'ਚ ਦਾਖਲ ਪਟੀਸ਼ਨ 'ਚ ਆਰੋਪ ਲਾਏ ਹਨ ਕਿ ਮੁੱਲਾਂਪੁਰ 'ਚ ਸਥਿਤ ਮਹਾਰਾਜਾ ਯਾਦਵਿੰਦਰ ਕ੍ਰਿਕਟ ਸਟੇਡੀਅਮ (Maharaja Yadwinder Cricket Stadium) ਨੂੰ ਬਿਨਾਂ ਵਾਤਾਵਰਨ ਕਲੀਰੈਂਸ ਲਏ ਈਕੋ ਸੈਂਸੀਟਿਵ ਜ਼ੋਨ ਵਿੱਚ ਬਣਾ ਦਿੱਤਾ ਗਿਆ ਹੈ। ਪਟੀਸ਼ਨਕਰਤਾ ਨੇ ਇਹ ਮੰਗ ਵੀ ਕੀਤੀ ਕਿ ਜਦੋਂ ਤੱਕ ਸਟੇਡੀਅਮ ਨੂੰ ਵਾਤਾਵਰਨ ਸਬੰਧੀ ਮਨਜ਼ੂਰੀ ਨਹੀਂ ਮਿਲ ਜਾਂਦੀ, ਉਦੋਂ ਤੱਕ ਇਸ ਸਟੇਡੀਅਮ ਵਿੱਚ ਕੋਈ ਟੂਰਨਾਮੈਂਟ ਨਾ ਕਰਵਾਇਆ ਜਾਵੇ ਅਤੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇ।
ਦੂਜੇ ਪਾਸੇ ਮਾਮਲੇ 'ਚ ਪੀਸੀਏ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ 'ਚ ਕੁੱਝ ਨਵੀਆਂ ਨੋਟੀਫਿਕੇਸ਼ਨਾਂ ਜਾਰੀ ਹੋ ਚੁੱਕੀਆਂ ਹਨ, ਜਿਸ 'ਤੇ ਹਾਈਕੋਰਟ ਨੇ ਇਹ ਨੋਟੀਫਿਕੇਸ਼ਨ ਅਗਲੀ ਸੁਣਵਾਈ 'ਤੇ ਪੇਸ਼ ਕੀਤੇ ਜਾਣ ਦੇ ਪੀਸੀਏ (PCA) ਨੂੰ ਹੁਕਮ ਦਿੱਤੇ ਹਨ।
-