ਏਸ਼ੀਆਈ ਖੇਡਾਂ ਦਾ ਕ੍ਰਿਕਟ ਫਾਈਨਲ ਮੀਂਹ ਕਾਰਨ ਰੱਦ, ਭਾਰਤ ਨੇ ਜਿੱਤਿਆ ਸੋਨ ਤਗਮਾ
19ਵੀਂ ਏਸ਼ੀਆਈ ਖੇਡਾਂ: ਭਾਰਤੀ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ 2023 ਵਿੱਚ ਕ੍ਰਿਕਟ ਦਾ ਸੋਨ ਤਗਮਾ ਜਿੱਤ ਲਿਆ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪੁਰਸ਼ਾਂ ਦਾ ਫਾਈਨਲ ਮੈਚ ਮੀਂਹ ਕਾਰਨ ਰੱਦ ਹੋ ਗਿਆ। ਭਾਰਤ ਦੇ ਕੋਲ ਅਫਗਾਨਿਸਤਾਨ 'ਤੇ ਚੋਟੀ ਦਾ ਦਰਜਾ ਸੀ, ਜਿਸ ਕਾਰਨ ਉਸ ਨੂੰ ਜੇਤੂ ਐਲਾਨਿਆ ਗਿਆ।
ਮੀਂਹ ਪੈਣ ਤੋਂ ਪਹਿਲਾਂ ਅਫਗਾਨਿਸਤਾਨ ਨੇ 18.2 ਓਵਰਾਂ 'ਚ 5 ਵਿਕਟਾਂ ਗੁਆ ਕੇ 112 ਦੌੜਾਂ ਬਣਾ ਲਈਆਂ ਸਨ। ਭਾਰਤ ਦਾ ਇਹ 27ਵਾਂ ਸੋਨ ਤਗਮਾ ਹੈ। ਏਸ਼ੀਆਈ ਖੇਡਾਂ 'ਚ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ ਪਹਿਲੀ ਵਾਰ 100 ਤੋਂ ਉੱਤੇ ਲੰਘ ਗਈ ਹੈ।
ਭਾਰਤੀ ਟੀਮ ਨੇ ਆਪਣੇ ਸਾਰੇ ਮੈਚ ਜਿੱਤ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਅਤੇ ਸ਼ੁਰੂ ਤੋਂ ਸੋਨ ਤਗਮੇ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ। ਮੌਜੂਦਾ ਟੂਰਨਾਮੈਂਟ 'ਚ ਅਫਗਾਨਿਸਤਾਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਡੀਐਲਐਸ ਵਿਧੀ ਦੇ ਆਧਾਰ ’ਤੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਭਾਰਤ ਅਤੇ ਅਫਗਾਨਿਸਤਾਨ ਦੋਵੇਂ ਮੌਜੂਦਾ ਟੂਰਨਾਮੈਂਟ ਵਿੱਚ ਅਜੇਤੂ ਰਹਿ ਕੇ ਫਾਈਨਲ ਵਿੱਚ ਪਹੁੰਚੇ। ਰੁਤੁਰਾਜ ਗਾਇਕਵਾੜ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਨੇਪਾਲ ਨੂੰ 23 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ।
ਇਸ ਦੇ ਨਾਲ ਹੀ ਮੌਜੂਦਾ ਟੂਰਨਾਮੈਂਟ 'ਚ ਗੁਲਬਦੀਨ ਨਾਇਬ ਦੀ ਅਗਵਾਈ 'ਚ ਅਫਗਾਨਿਸਤਾਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਅਫਗਾਨਿਸਤਾਨ ਨੇ ਆਪਣੇ ਪਹਿਲੇ ਮੈਚ 'ਚ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 2023 : ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, ਜਿੱਤਿਆ ਸੋਨ ਤਗਮਾ
- PTC NEWS