Crocodile Attack woman : ਨਦੀ ਕਿਨਾਰੇ ਕੱਪੜੇ ਧੋ ਰਹੀ ਮਹਿਲਾ ਨੂੰ ਖਿੱਚ ਕੇ ਪਾਣੀ 'ਚ ਲੈ ਗਿਆ ਮਗਰਮੱਛ ,ਦਿਲ ਦਹਿਲਾਉਣ ਵਾਲੀ ਘਟਨਾ
Crocodile Attack woman : ਓਡੀਸ਼ਾ ਦੇ ਜਾਜਪੁਰ ਵਿੱਚ ਇੱਕ ਘਟਨਾ ਨੇ ਲੋਕਾਂ ਨੂੰ ਡਰਾ ਦਿੱਤਾ। ਜਿੱਥੇ ਕਾਂਤੀਆ ਪਿੰਡ ਵਿੱਚ ਸੋਮਵਾਰ ਸ਼ਾਮ ਨੂੰ ਮਗਰਮੱਛ ਇੱਕ ਔਰਤ ਨੂੰ ਖਰਸਰੋਤਾ ਨਦੀ ਵਿੱਚ ਘਸੀਟ ਕੇ ਲੈ ਗਿਆ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਪੀੜਤਾ ਦੀ ਪਛਾਣ 55 ਸਾਲਾ ਸੌਦਾਮਿਨੀ ਮਹਾਲਾ ਪਤਨੀ ਸੁਖਦੇਵ ਮਹਾਲਾ ਪਿੰਡ ਕਾਂਤੀਆ ਵਜੋਂ ਹੋਈ ਹੈ। ਔਰਤ ਕੱਪੜੇ ਧੋਣ ਲਈ ਨਦੀ 'ਤੇ ਗਈ ਸੀ।
ਜਬਾੜਿਆਂ ਵਿੱਚ ਲੈ ਜਾਂਦਾ ਦਿਖਿਆ ਮਗਰਮੱਛ
ਚਸ਼ਮਦੀਦਾਂ ਨੇ ਦੱਸਿਆ ਕਿ ਮਗਰਮੱਛ ਨੇ ਅਚਾਨਕ ਉਸ 'ਤੇ ਝਪਟਾ ਮਾਰਿਆ ਅਤੇ ਉਸਨੂੰ ਪਾਣੀ ਵਿੱਚ ਖਿੱਚ ਕੇ ਲੈ ਗਿਆ। ਇਸ ਭਿਆਨਕ ਦ੍ਰਿਸ਼ ਨੂੰ ਦੇਖਣ ਵਾਲੇ ਸਥਾਨਕ ਲੋਕ ਉਸਨੂੰ ਮਗਰਮੱਛ ਦੇ ਪਕੜ ਤੋਂ ਛੁਡਾਉਣ ਵਿੱਚ ਅਸਮਰੱਥ ਸਨ ਪਰ ਡਰ ਕੇ ਖੜ੍ਹੇ ਰਹੇ, ਦੇਖਦੇ ਰਹੇ। ਘਟਨਾ ਦੀ ਵੀਡੀਓ ਹੋਰ ਵੀ ਭਿਆਨਕ ਹੈ। ਇਸ ਵਿੱਚ ਮਗਰਮੱਛ ਮ੍ਰਿਤਕ ਔਰਤ ਨੂੰ ਆਪਣੇ ਜਬਾੜਿਆਂ ਵਿੱਚ ਲੈ ਜਾਂਦਾ ਦੇਖਿਆ ਜਾ ਸਕਦਾ ਹੈ, ਜਦੋਂ ਕਿ ਲੋਕ ਦੂਰੋਂ ਦੇਖ ਰਹੇ ਸਨ।
ਪਹਿਲਾਂ ਇੱਕ ਬੱਕਰੀ ਨੂੰ ਘਸੀਟ ਕੇ ਲੈ ਗਿਆ ਸੀ
ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ ਅਤੇ ਪਿੰਡ ਵਾਸੀ ਕੁਝ ਮਹੀਨੇ ਪਹਿਲਾਂ ਦੀ ਇੱਕ ਅਜਿਹੀ ਹੀ ਘਟਨਾ ਨੂੰ ਯਾਦ ਕਰ ਰਹੇ ਹਨ, ਜਦੋਂ ਇੱਕ ਮਗਰਮੱਛ ਉਸੇ ਥਾਂ ਤੋਂ ਇੱਕ ਬੱਕਰੀ ਨੂੰ ਘਸੀਟ ਕੇ ਲੈ ਗਿਆ ਸੀ। ਉਸ ਘਟਨਾ ਤੋਂ ਬਾਅਦ ਜੰਗਲਾਤ ਵਿਭਾਗ ਨੇ ਸਥਾਨਕ ਲੋਕਾਂ ਨੂੰ ਨਦੀ ਵਿੱਚ ਮਗਰਮੱਛਾਂ ਦੀ ਮੌਜੂਦਗੀ ਬਾਰੇ ਚੇਤਾਵਨੀ ਜਾਰੀ ਕੀਤੀ ਸੀ।
ਦੱਸ ਦੇਈਏ ਕਿ ਮਗਰਮੱਛਾਂ ਦੇ ਹਮਲਿਆਂ ਦੀਆਂ ਡਰਾਉਣੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਪਿਛਲੇ ਮਹੀਨੇ ਹੀ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਤਲਾਅ ਦੇ ਕੋਲ ਕੱਪੜੇ ਧੋ ਰਹੀ ਇੱਕ ਔਰਤ 'ਤੇ ਅਚਾਨਕ ਇੱਕ ਮਗਰਮੱਛ ਨੇ ਹਮਲਾ ਕਰ ਦਿੱਤਾ ਅਤੇ ਪਾਣੀ ਵਿੱਚ ਘਸੀਟ ਲਿਆ। ਔਰਤ ਆਪਣੀ 12 ਸਾਲ ਦੀ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਦੋਂ ਉਹ ਖੁਦ ਮਗਰਮੱਛ ਦਾ ਸ਼ਿਕਾਰ ਬਣ ਗਈ।
- PTC NEWS