Gursharan Kaur Bandala : 19 ਸਾਲ ਦੀ ਗੁਰਸਿੱਖ ਬੱਚੀ ਨੇ ਡੇਢ ਮਿੰਟ ‘ਚ ਲਿਖੀਆਂ 8 ਕਵਿਤਾਵਾਂ, ਇੰਡੀਆ ਬੁੱਕ ਆਫ ਰਿਕਾਰਡ ‘ਚ ਦਰਜ ਹੋਇਆ ਨਾਂ
Ferozepur News : ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਸਤਲੁਜ ਦਰਿਆ ਦੇ ਕੰਡੇ ਵੱਸੇ ਪਿੰਡ ਬੰਡਾਲਾ ਦੀ 19 ਸਾਲ ਦੀ ਗੁਰਸਿੱਖ ਬੱਚੀ ਗੁਰਸ਼ਰਨ ਕੌਰ ਵਿਰਕ ਨੇ ਸਾਹਿਤ 'ਚ ਨਵਾਂ ਵਿਸ਼ਵ ਕੀਰਤੀਮਾਨ ਸਥਾਪਤ ਕਰਦਿਆਂ ਇੰਡੀਆ ਬੁੱਕ ਆਫ ਰਿਕਾਰਡ ‘ਚ ਆਪਣਾ ਨਾਂ ਦਰਜ ਕਰਵਾਇਆ ਹੈ। ਵਿਸ਼ਵ ਦੀ ਪਹਿਲੀ ਗੁਰਸਿੱਖ ਬੱਚੀ ਗੁਰਸ਼ਰਨ ਕੌਰ ਬੰਡਾਲਾ ਨੂੰ 10 ਸਾਲ ਦੀ ਮੁਸ਼ੱਕਤ ਤੋਂ ਬਾਅਦ ਇਹ ਮਾਣ ਪ੍ਰਾਪਤ ਹੋਇਆ ਹੈ। ਜਿਸ ਨੇ ਡੇਢ ਮਿੰਟ 'ਚ 8 ਕਵਿਤਾਵਾਂ ਲਿਖੀਆਂ ਹਨ।
ਇਸ ਤੋਂ ਪਹਿਲਾਂ ਢਾਈ ਮਿੰਟ ਵਿੱਚ ਪੰਜ ਸਵੈ ਰਚਿਤ ਕਵਿਤਾਵਾਂ ਲਿਖਣ ਦਾ ਇੱਕ ਭਾਰਤੀ ਵੱਲੋਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਇਆ ਗਿਆ ਸੀ। ਗੁਰਸ਼ਰਨ ਕੌਰ ਨੇ ਦੱਸਿਆ ਕਿ ਪਹਿਲਾਂ ਉਸ ਵੱਲੋਂ ਇੱਕ ਘੰਟੇ ਵਿੱਚ ਇਹ ਕਵਿਤਾਵਾਂ ਲਿਖੀਆਂ ਜਾਂਦੀਆਂ ਸਨ। ਹੌਲੀ-ਹੌਲੀ ਉਸ ਵੱਲੋਂ ਸਮਾਂ ਘੱਟ ਕੀਤਾ ਗਿਆ। ਇਸ ਸਾਲ ਇਹ ਡੇਢ ਮਿੰਟ ਵਿੱਚ ਅੱਠ ਕਵਿਤਾਵਾਂ ਸਵੈ ਰਚਿਤ ਲਿਖ ਕੇ ਉਸ ਵੱਲੋਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।
ਉਹਨਾਂ ਕਿਹਾ ਕਿ ਮੈਨੂੰ ਭਾਵੇਂ ਇਸ ਵਿਸ਼ਵ ਰਿਕਾਰਡ ਨੂੰ ਪ੍ਰਾਪਤ ਕਰਨ ਲਈ ਭਾਵੇਂ ਦਸ ਸਾਲ ਦੀ ਮੁਸ਼ੱਕਤ ਕਰਨੀ ਪਈ ਪਰ ਵਾਹਿਗੁਰੂ ਦੇ ਅਸ਼ੀਰਵਾਦ ਸਦਕਾ ਮੈਂ ਕਦੇ ਵੀ ਹੌਸਲਾ ਨਹੀਂ ਹਾਰਿਆ ਸੀ। ਜਿਸ ਕਾਰਨ ਅੱਜ ਉਹ ਉਪਲਬਧੀ ਹਾਸਲ ਹੋਈ ਹੈ। ਇਸ ਮੌਕੇ 'ਤੇ ਬੁਲਾਰੇ ਦਿਲਬਾਗ ਸਿੰਘ ਵਿਰਕ ਨੇ ਗੁਰਸ਼ਰਨ ਕੌਰ ਬੰਡਾਲਾ ਨੂੰ ਇਸ ਸਫਲਤਾ ਲਈ ਵਧਾਈ ਦਿੰਦਿਆਂ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਗੁਰਸ਼ਰਨ ਕੌਰ ਨੇ ਦੱਸਿਆ ਕਿ ਕਵਿਤਾ ਲਿਖਣ ਦੀ ਲਗਨ ਉਸਨੂੰ ਤੀਸਰੀ -ਚੌਥੀ ਜਮਾਤ ਵਿੱਚ ਲੱਗੀ ਸੀ ਕਿਉਂਕਿ ਉਸਦੇ ਪਿਤਾ ਜਸਵੰਤ ਸਿੰਘ ਉਸ ਨੂੰ ਕਵਿਤਾਵਾਂ ਸੁਣਾਉਂਦੇ ਰਹਿੰਦੇ ਸਨ। ਮੇਰੇ ਪਿਤਾ ਦੇ ਸ਼ੌਂਕ ਨੂੰ ਮੈਂ ਕਲਮ ਰਾਹੀਂ ਆਪਣੀਆਂ ਕਾਪੀਆਂ ਵਿੱਚ ਸਜਾਉਂਦੀ ਸੀ ਅਤੇ ਹੌਲੀ-ਹੌਲੀ ਮੈਂ ਖੁਦ ਕਵਿਤਾਵਾਂ ਲਿਖਣ ਲੱਗੀ ਅਤੇ ਹੁਣ ਤੱਕ ਮੇਰੀਆਂ 2 ਕਿਤਾਬਾਂ ਪਬਲਿਸ਼ ਹੋ ਚੁੱਕੀਆਂ ਹਨ।
ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ ਗੁਰਸ਼ਰਨ ਕੌਰ
ਗੁਰਸ਼ਰਨ ਕੌਰ ਨੇ ਮੁੱਢਲੀ ਪੜ੍ਹਾਈ ਪਿੰਡ ਵਡਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਬਾਬਾ ਵੀਰ ਸਿੰਘ ਪਬਲਿਕ ਸਕੂਲ ਤੋਂ ਕੀਤੀ ਸੀ। ਉਚੇਰੀ ਸਿੱਖਿਆ ਲਈ ਗੁਰਸ਼ਰਨ ਕੌਰ ਵੱਲੋਂ ਬਠਿੰਡਾ ਦੇਸ਼ ਨਿੱਜੀ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ। ਗੁਰਸ਼ਰਨ ਕੌਰ ਗੁਰਸਿੱਖੀ ਬਾਣੇ ਵਿੱਚ ਰਹਿ ਕੇ ਆਪਣੀ ਪੜ੍ਹਾਈ ਕਰ ਰਹੀ ਹੈ ਅਤੇ ਹੁਣ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪਿੰਡ ਬੰਡਾਲਾ ਇਸ ਵੇਲੇ ਵੀ ਹਰ ਸਾਲ ਦੀ ਤਰ੍ਹਾਂ ਪੂਰਨ ਤੌਰ 'ਤੇ ਪਾਣੀ ਨਾਲ ਘਿਰਿਆ ਹੋਇਆ ਹੈ ਪਰ ਗੁਰਸ਼ਰਨ ਨੇ ਇਸ ਭਾਰਤ ਦੇ ਇਸ ਪਛੜੇ ਇਲਾਕੇ ਦੇ ਹਲਾਤਾਂ 'ਚੋਂ ਵੱਡੀ ਸਿੱਖਿਆ ਹਾਸਲ ਕਰਦਿਆਂ 10 ਸਾਲ ਦੀ ਮੁਸ਼ੱਕਤ ਬਾਅਦ ਆਪਣੇ ਪਿਤਾ ਜਸਵੰਤ ਸਿੰਘ ਦੇ ਦਿੱਤੇ ਹੌਸਲੇ ਸਦਕਾ ਇਹ ਟੀਚਾ ਪੂਰਾ ਕੀਤਾ ਹੈ।
- PTC NEWS