Patti News : ਖੇਤਾਂ 'ਚ ਕੰਮ ਕਰਦਿਆਂ ਅਗ਼ਵਾ ਹੋਏ ਵਿਅਕਤੀ ਦੀ ਮਿਲੀ ਲਾਸ਼ , ਕਾਰ ਸਵਾਰ ਅਣਪਛਾਤਿਆਂ ਨੇ ਕੀਤਾ ਸੀ ਅਗਵਾ
Patti News : ਬੀਤੇ ਦਿਨੀਂ ਪੱਟੀ ਦੇ ਪਿੰਡ ਦੁਬਲੀ ਵਿਖੇ ਖੇਤਾਂ 'ਚ ਕੰਮ ਕਰਦਿਆਂ ਸਕਾਰਪਿਓ ਗੱਡੀ ਵਿਚ ਅਗਵਾ ਕੀਤੇ ਵਿਅਕਤੀ ਦੀ ਉਸ ਦੇ ਪਿੰਡ ਤੋਂ ਕਰੀਬ 50 ਕਿਲੋਮੀਟਰ ਦੂਰ ਥਾਣਾ ਵੈਰੋਵਾਲ ਦੇ ਪਿੰਡ ਨਾਗੋਕੇ ਦੀਆਂ ਘਰਾਟਾਂ ਕੋਲੋਂ ਲਾਸ਼ ਬਰਾਮਦ ਹੋਈ ਹੈ, ਜਿਸ ਨੂੰ ਵੈਰੋਵਾਲ ਥਾਣੇ ਦੀ ਪੁਲਿਸ ਨੇ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਸੀ । ਅਗਵਾ ਤੇ ਹੱਤਿਆ ਦੇ ਉਕਤ ਮਾਮਲੇ ਨੂੰ ਲੈ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੈ। ਦੂਜੇ ਪਾਸੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਕੁਝ ਲੋਕਾਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰ ਅਤੇ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਅਗਵਾ ਕਰਕੇ ਕਤਲ ਕੀਤੇ ਜਾਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਦ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਸੱਜਣ ਸਿੰਘ (32) ਵਾਸੀ ਪਿੰਡ ਦੁਬਲੀ ਜੋ ਬੀਤੇ ਦਿਨੀ ਸਵੇਰੇ ਕਰੀਬ ਸਾਢੇ 7 ਵਜੇ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਕਾਲੇ ਰੰਗ ਦੀ ਸਕਾਰਪੀਓ 'ਚ ਕੁਝ ਅਣਪਛਾਤੇ ਵਿਅਕਤੀ ਆਏ ਤੇ ਸੱਜਣ ਸਿੰਘ ਨੂੰ ਅਗਵਾ ਕਰਕੇ ਲੈ ਗਏ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਸੱਜਣ ਸਿੰਘ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਪਰ ਰਾਤ ਤੱਕ ਉਸਦਾ ਕੋਈ ਪਤਾ ਨਹੀਂ ਲੱਗ ਸਕਿਆ। ਅਗਲੇ ਦਿਨ ਤੜਕਸਾਰ ਵੈਰੋਵਾਲ ਥਾਣੇ ਅਧੀਨ ਪੈਂਦੇ ਨਾਗੋਕੇ ਦੀ ਨਹਿਰ ਕੋਲੋਂ ਸੱਜਣ ਸਿੰਘ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਨਾਲ ਦੁੱਬਲੀ ਪਿੰਡ ਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।
ਪਰਿਵਾਰਕ ਮੈਂਬਰਾਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਕਾਲੇ ਰੰਗ ਦੀ ਸਕਾਰਪਈਓ ਗੱਡੀ ਵਿਚ ਸਵਾਰ ਚਾਰ ਕਰੀਬ ਲੋਕ ਹਨ ,ਜਿਨ੍ਹਾਂ ਘਟਨਾ ਨੂੰ ਅੰਜਾਮ ਦਿੱਤਾ। ਜਿਸ ਦੇ ਚੱਲਦਿਆਂ ਉਸ ਦਾ ਪਿਤਾ ਅਮਰੀਕ ਸਿੰਘ ਤੇ ਹੋਰ ਪਿੰਡ ਵਾਸੀ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਵੱਖ -ਵੱਖ ਥਾਣਿਆਂ ਵਿਚ ਸੱਜਣ ਸਿੰਘ ਦੀ ਭਾਲ ਕਰਦੇ ਰਹੇ ਅਤੇ ਜਦ ਉਹ ਆਪਣੇ ਇਲਾਕੇ ਨਾਲ ਸਬੰਧਤ ਥਾਣਾ ਸਦਰ ਪੱਟੀ 'ਚ ਸ਼ਿਕਾਇਤ ਦੇਣ ਪੁੱਜੇ ਤਾਂ ਉਨ੍ਹਾਂ ਨੂੰ ਸੱਜਣ ਸਿੰਘ ਦੀ ਲਾਸ਼ ਨਾਗੋਕੇ ਘਰਾਟਾਂ ਕੋਲੋਂ ਮਿਲਣ ਦਾ ਪਤਾ ਲੱਗਾ।
ਦੱਸ ਦਈਏ ਕਿ ਸੱਜਣ ਸਿੰਘ ਦੇ ਵੱਡੇ ਭਰਾ ਦੀ ਪੰਜ ਮਹੀਨੇ ਪਹਿਲਾਂ ਹੀ ਮੌਤ ਹੋਈ ਹੈ। ਪੱਟੀ ਦੇ ਡੀਐੱਸਪੀ ਲਵਕੇਸ਼ ਨਾਲ ਫੋਨ 'ਤੇ ਰਾਬਤਾ ਕੀਤਾ ਤਾ ਉਨ੍ਹਾ ਦੱਸਿਆ ਕਿ ਸੱਜਣ ਸਿੰਘ ਦੀ ਲਾਸ਼ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ ਅਤੇ ਪਰਿਵਾਰ ਦੇ ਬਿਆਨਾਂ 'ਤੇ ਕੁਝ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਅਗਵਾ ਕਰਕੇ ਕਤਲ ਕਰਨ ਦਾ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਜਲਦ ਹੀ ਕਾਤਲਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ। ਸੱਜਣ ਸਿੰਘ ਆਪਣੇ ਪਿੱਛੇ ਪਤਨੀ ਗੁਰਮੀਤ ਕੌਰ ਅਤੇ ਪੁੱਤਰ ਸੁਖਮਨਪ੍ਰੀਤ ਸਿੰਘ ਤੋਂ ਇਲਾਵਾ ਬਜੁਰਗ ਮਾਤਾ ਪਿਤਾ ਛੱਡ ਗਿਆ ਹੈ।
- PTC NEWS