Gurdaspur News : ਨਿੱਜੀ ਹਸਪਤਾਲ 'ਚ ਨੌਜਵਾਨ ਦੀ ਮੌਤ ਨੂੰ ਲੈ ਕੇ ਹੰਗਾਮਾ, ਪਰਿਵਾਰ ਨੇ ਅਣਗਹਿਲੀ ਦੇ ਲਾਏ ਦੋਸ਼, ਮੌਕੇ 'ਤੇ ਪਹੁੰਚੀ ਪੁਲਿਸ
Gurdaspur News : ਸ਼ਹਿਰ ਦੇ ਇੱਕ ਨਾਮੀ ਨਿਜੀ ਹਸਪਤਾਲ ਵਿੱਚ ਉਸ ਵੇਲੇ ਮਾਹੌਲ ਤਨਾਅਪੂਰਨ ਹੋ ਗਿਆ, ਜਦੋਂ ਇੱਕ ਪਰਿਵਾਰ ਦੇ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਨੇ ਡਾਕਟਰ ਤੇ ਅਣਗਹਿਲੀ ਵਰਤਣ ਦਾ ਇਲਜ਼ਾਮ ਲਗਾਉਂਦੇ ਹੋਏ ਹਸਪਤਾਲ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ ਤਾਂ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਭਾਰੀ ਪੁਲਿਸ ਫੋਰਸ ਦੇ ਨਾਲ ਥਾਣਾ ਸਿਟੀ ਦੇ ਐਸ ਐਚ ਓ ਦਵਿੰਦਰ ਬਰਕਾਸ਼ ਮੌਕੇ ਤੇ ਪਹੁੰਚ ਗਏ। ਉਹਨਾਂ ਵੱਲੋਂ ਪਰਿਵਾਰ ਨੂੰ ਸਮਝਾ ਬੁਝਾ ਕੇ ਸ਼ਾਂਤ ਕੀਤਾ ਗਿਆ।
ਪਿੰਡ ਬੇਰੀ ਦੇ ਰਹਿਣ ਵਾਲੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਨੌਜਵਾਨ ਅਮਰਜੀਤ ਸਿੰਘ ਉਮਰ 27 ਸਾਲ ਦੀ ਹਾਲਤ ਵਿੱਚ ਸੁਧਾਰ ਹੋ ਗਿਆ ਸੀ ਅਤੇ ਉਹ ਚੰਗਾ ਭਲਾ ਗੱਲਾਂ ਵੀ ਕਰ ਰਿਹਾ ਸੀ। ਪਰ ਜਦੋਂ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਨੌਜਵਾਨ ਨੂੰ ਛੁੱਟੀ ਦੇ ਦਿੱਤੀ ਜਾਵੇ ਤਾਂ ਕੁਝ ਦੇਰ ਬਾਅਦ ਹੀ ਨੌਜਵਾਨ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ। ਉਹਨਾਂ ਦਾ ਇਲਜ਼ਾਮ ਹੈ ਕਿ ਨੌਜਵਾਨ ਨੂੰ ਡਾਕਟਰ ਵੱਲੋਂ ਕੋਈ ਗਲਤ ਇੰਜੈਕਸ਼ਨ ਲਗਾ ਦਿੱਤਾ ਗਿਆ ਸੀ, ਜਿਹੜਾ ਬਾਅਦ ਵਿੱਚ ਉਸ ਕੋਲੋਂ ਕੰਟਰੋਲ ਨਹੀਂ ਹੋਇਆ। ਇਸ ਲਈ ਡਾਕਟਰ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ।
ਮੌਕੇ 'ਤੇ ਪਹੁੰਚੀ ਪੁਲਿਸ
ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸਐਚਓ ਦੀ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਹਸਪਤਾਲ ਵਿੱਚ ਸਥਿਤੀ ਨੂੰ ਕੰਟਰੋਲ ਕਰਨ ਲਈ ਉਹਨਾਂ ਨੂੰ ਹਸਪਤਾਲ ਦੇ ਪ੍ਰਬੰਧਨ ਵੱਲੋਂ ਬੁਲਾਇਆ ਗਿਆ ਸੀ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਪਰਿਵਾਰ ਹਸਪਤਾਲ ਵਿੱਚ ਤੋੜਫੋੜ ਕਰ ਸਕਦਾ ਹੈ। ਮੌਕੇ 'ਤੇ ਪਹੁੰਚ ਕੇ ਉਹਨਾਂ ਨੇ ਪਰਿਵਾਰ ਨੂੰ ਸਮਝਾਇਆ ਹੈ ਕਿ ਜੇਕਰ ਉਹਨਾਂ ਨੂੰ ਕੋਈ ਸ਼ੱਕ ਹੈ ਤਾਂ ਉਹ ਆਪਣੀ ਸ਼ਿਕਾਇਤ ਦੇ ਦੇਣ ਉਸ ਤੇ ਕਾਰਵਾਈ ਕੀਤੀ ਜਾਵੇਗੀ।
- PTC NEWS