Delhi Car ਧਮਾਕੇ ਦਾ ਸਭ ਤੋਂ ਨੇੜਲਾ CCTV ਵੀਡੀਓ ਮਿਲਿਆ ,ਲਾਲ ਬੱਤੀ 'ਤੇ ਖੜੇ 20 ਤੋਂ ਵੱਧ ਵਾਹਨਾਂ ਦੇ ਉੱਡੇ ਪਰਖੱਚੇ
Delhi Car Blast : ਦਿੱਲੀ ਕਾਰ ਧਮਾਕੇ ਦੀ ਸਭ ਤੋਂ ਨੇੜਲੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। 10 ਸਕਿੰਟ ਦੀ ਵੀਡੀਓ ਵਿੱਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ 'ਤੇ ਲਾਲ ਬੱਤੀ 'ਤੇ ਖੜ੍ਹੇ 20 ਤੋਂ ਵੱਧ ਵਾਹਨ ਦਿਖਾਈ ਦੇ ਰਹੇ ਹਨ। ਸ਼ਾਮ 6:51 ਵਜੇ ਦੇ ਕਰੀਬ ਸਿਗਨਲ ਗ੍ਰੀਨ ਹੋ ਜਾਂਦਾ ਹੈ। ਜਿਵੇਂ ਹੀ ਵਾਹਨ ਅੱਗੇ ਵਧਦੇ ਹਨ ਤਾਂ ਇੱਕ i20 ਕਾਰ ਵਿੱਚ ਧਮਾਕਾ ਹੋਇਆ।
ਜ਼ਬਰਦਸਤ ਧਮਾਕੇ ਨਾਲ ਅੱਗ ਦੀਆਂ ਲਪਟਾਂ ਵਿੱਚ ਉਠੀਆਂ। ਜਿਸ ਨਾਲ ਆਲੇ ਦੁਆਲੇ ਦੇ ਜ਼ਿਆਦਾਤਰ ਵਾਹਨ ਤਬਾਹ ਹੋ ਗਏ। ਬਾਈਕ ਸਵਾਰ ਜ਼ਮੀਨ 'ਤੇ ਡਿੱਗ ਪਏ। ਲੋਕ ਆਪਣੇ ਵਾਹਨਾਂ ਤੋਂ ਬਾਹਰ ਨਿਕਲਦੇ ਅਤੇ ਭੱਜਦੇ ਦਿਖਾਈ ਦਿੱਤੇ। ਮੌਕੇ 'ਤੇ ਹਫੜਾ-ਦਫੜੀ ਮਚ ਗਈ।
ਕੇਂਦਰ ਸਰਕਾਰ ਨੇ ਦਿੱਲੀ ਕਾਰ ਧਮਾਕੇ ਨੂੰ ਅੱਤਵਾਦੀ ਹਮਲਾ ਘੋਸ਼ਿਤ ਕੀਤਾ ਹੈ। ਲਾਲ ਕਿਲ੍ਹੇ ਨੇੜੇ ਹੋਏ ਅੱਤਵਾਦੀ ਹਮਲੇ ਸਬੰਧੀ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਇੱਕ ਮਤਾ ਪਾਸ ਕੀਤਾ ਗਿਆ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, "ਦੇਸ਼ ਨੇ ਇੱਕ ਘਿਨਾਉਣੀ ਅੱਤਵਾਦੀ ਘਟਨਾ ਦੇਖੀ।" ਇਹ ਰਾਸ਼ਟਰ ਵਿਰੋਧੀ ਤਾਕਤਾਂ ਦੁਆਰਾ ਕੀਤੀ ਗਈ ਸੀ। ਜਾਂਚ ਏਜੰਸੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਪੁਲਿਸ ਨੂੰ ਦਿੱਲੀ ਧਮਾਕੇ ਵਿੱਚ ਲਾਲ ਰੰਗ ਦੀ ਈਕੋ ਸਪੋਰਟਸ ਕਾਰ ਦੇ ਸ਼ਾਮਲ ਹੋਣ ਦੀ ਵੀ ਜਾਣਕਾਰੀ ਮਿਲੀ। ਬੁੱਧਵਾਰ ਸਵੇਰ ਤੋਂ ਹੀ ਇਸਦੀ ਭਾਲ ਲਈ ਪੰਜ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਲਗਭਗ 10 ਘੰਟਿਆਂ ਦੀ ਜਾਂਚ ਤੋਂ ਬਾਅਦ ਇਹ ਕਾਰ (DL10-CK-0458) ਹਰਿਆਣਾ ਦੇ ਖੰਡਾਵਲੀ ਪਿੰਡ ਵਿੱਚ ਛੱਡੀ ਹੋਈ ਮਿਲੀ। ਇਸਦੀ ਰਜਿਸਟ੍ਰੇਸ਼ਨ ਧਮਾਕੇ ਦੇ ਮੁੱਖ ਆਰੋਪੀ ਡਾਕਟਰ ਉਮਰ ਨਬੀ ਦੇ ਨਾਮ 'ਤੇ ਹੈ। ਇਸ ਸਮੇਂ FSL ਅਤੇ NSG ਟੀਮਾਂ ਕਾਰ ਦੀ ਜਾਂਚ ਕਰ ਰਹੀਆਂ ਹਨ।
ਦੱਸ ਦੇਈਏ ਕਿ 10 ਨਵੰਬਰ ਨੂੰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਵਿੱਚ 12 ਲੋਕ ਮਾਰੇ ਗਏ ਸਨ ਅਤੇ 25 ਤੋਂ ਵੱਧ ਜ਼ਖਮੀ ਹੋ ਗਏ ਸਨ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
- PTC NEWS