Machhiwara News : ਸਰਕਾਰੀ ਹਸਪਤਾਲ ‘ਚ ਜਣੇਪੇ ਤੋਂ ਦਿੱਤਾ ਜਵਾਬ, ਪਤੀ ਨੇ ਭੀਖ ਮੰਗ ਕੇ ਕਰਵਾਇਆ ਪਤਨੀ ਦਾ ਇਲਾਜ
Health facilities in Punjab : ਪੰਜਾਬ ਸਰਕਾਰ ਦੇ ਸਿਹਤ ਮਾਡਲ ਦੀ ਇੱਕ ਵਾਰ ਫਿਰ ਤੋਂ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਦਰਾਅਸਰ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਵਿੱਚ ਜਣੇਪੇ ਲਈ ਗਏ ਗਰੀਬ ਪਰਿਵਾਰ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਹਸਪਤਾਲ ਵਿੱਚ ਡਾਕਟਰ ਨਹੀਂ ਹੈ, ਇਸ ਲਈ ਤੁਸੀਂ ਹੋਰ ਕਿਸੇ ਹਸਪਤਾਲ ਵਿੱਚ ਚਲੇ ਜਾਓ।
ਸਿਹਤ ਸਹੂਲਤਾਂ ਦੀ ਖੁੱਲ੍ਹੀ ਪੋਲ
ਮਾਛੀਵਾੜਾ ਵਿੱਚ ਝੁੱਗੀ ਬਣਾ ਕੇ ਰਹਿੰਦੇ ਅਭਿਸ਼ੇਕ ਨੇ ਦੱਸਿਆ ਕਿ ਉਸਦੀ ਪਤਨੀ ਗਰਭਵਤੀ ਸੀ ਤੇ ਜਦੋਂ ਉਸ ਨੂੰ ਜਣੇਪੇ ਦੀਆਂ ਦਰਦਾਂ ਹੋਣ ਲੱਗੀਆਂ ਤਾਂ ਉਹ ਉਸ ਨੂੰ ਸਰਕਾਰੀ ਹਸਪਤਾਲ ਲੈ ਗਿਆ। ਉਥੇ ਮੌਜੂਦ ਨਰਸਾਂ ਨੇ ਉਸ ਦਾ ਇਲਾਜ਼ ਵੀ ਸ਼ੁਰੂ ਕਰ ਦਿੱਤਾ, ਪਰ ਕੁਝ ਸਮੇਂ ਬਾਅਦ ਡਿਊਟੀ ’ਤੇ ਤਾਇਨਾਤ ਨਰਸਾਂ ਸਾਨੂੰ ਜਵਾਬ ਦੇ ਦਿੱਤਾ ਤੇ ਕਿਹਾ ਕਿ ਇਸ ਸਮੇਂ ਸਰਕਾਰੀ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਹੈ ਤੇ ਉਹ ਆਪਣੀ ਪਤਨੀ ਨੂੰ ਇਲਾਜ ਲਈ ਲੁਧਿਆਣਾ ਸਰਕਾਰੀ ਹਸਪਤਾਲ ਲੈ ਜਾਵੇ। ਅਭਿਸ਼ੇਕ ਨੇ ਦੱਸਿਆ ਕਿ ਉਹਨਾਂ ਕੋਲ ਪੈਸੇ ਨਹੀਂ ਸਰ, ਪਰ ਫਿਰ ਵੀ ਉਹ ਬੜੀ ਮੁਸ਼ਕਿਲ ਨਾਲ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਤੋਂ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਜਣੇਪਾ ਕਰਵਾਇਆ ਤੇ 15 ਹਜ਼ਾਰ ਰੁਪਏ ਦਾ ਖਰਚਾ ਦੱਸ ਦਿੱਤਾ।
ਜਣੇਪੇ ਲਈ ਮੰਗੀ ਭੀਖ
ਅਭਿਸ਼ੇਕ ਨੇ ਦੱਸਿਆ ਕਿ ਉਸ ਕੋਲ 15 ਹਜ਼ਾਰ ਰੁਪਏ ਨਹੀਂ ਸਨ। ਇਲਾਜ ਦੇ 15 ਹਜ਼ਾਰ ਰੁਪਏ ਇਕੱਠੇ ਕਰਨ ਲਈ ਉਹ ਬਜ਼ਾਰਾਂ ’ਚੋਂ ਡਾਕਟਰੀ ਦਵਾਈਆਂ ਦੀਆਂ ਪਰਚੀਆਂ ਤੇ ਬਿੱਲ ਦਿਖਾ ਕੇ ਭੀਖ ਮੰਗਣ ਲੱਗਾ ਤੇ ਇਸੇ ਦੌਰਾਨ ਹੀ ਉਸ ਕੋਲ ਕੁਝ ਪੈਸੇ ਇਕੱਠੇ ਹੋ ਗਏ। ਅਭਿਸ਼ੇਕ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਹਰ ਸਹੂਲਤ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਸਭ ਸੱਚ ਨਹੀਂ ਹੈ ਜੇਕਰ ਸਰਕਾਰੀ ਹਸਪਤਾਲ ਵਿੱਚ ਸਾਨੂੰ ਸਾਰੀਆਂ ਸਹੂਲਤਾਂ ਮਿਲ ਜਾਦੀਆਂ ਤਾਂ ਅੱਜ ਉਸ ਨੂੰ ਆਪਣੀ ਪਤਨੀ ਦੇ ਇਲਾਜ਼ ਲਈ ਭੀਖ ਨਹੀਂ ਮੰਗਣੀ ਪੈਣੀ ਸੀ।
ਪਿਛਲੇ 5 ਤੋਂ 6 ਮਹੀਨਿਆਂ ਤੋਂ ਕੋਈ ਗਾਇਨੀ ਡਾਕਟਰ ਨਹੀਂ
ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 14 ਅਗਸਤ ਨੂੰ ਇੱਕ ਗਰਭਵਤੀ ਔਰਤ ਹਸਪਤਾਲ ਵਿੱਚ ਇਲਾਜ ਲਈ ਦਾਖਲ ਹੋਈ ਸੀ ਅਤੇ ਰਿਕਾਰਡ ਮੁਤਾਬਿਕ ਉਸਦਾ ਬਲੱਡ ਪ੍ਰੈਸ਼ਰ ਹਾਈ ਸੀ। ਉਨ੍ਹਾਂ ਕਿਹਾ ਕਿ ਮਾਛੀਵਾੜਾ ਹਸਪਤਾਲ ਵਿੱਚ ਮੌਜੂਦ ਗਾਇਨੀ ਡਾਕਟਰ ਆਪਣੀ ਨੌਕਰੀ ਛੱਡ ਚੁੱਕੇ ਹਨ, ਜਿਸ ਕਾਰਨ ਪਿਛਲੇ 5-6 ਮਹੀਨਿਆਂ ਤੋਂ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਡਲਿਵਰੀ ਦਾ ਨਾਰਮਲ ਕੇਸ ਹੋਵੇ ਤਾਂ ਨਰਸਾਂ ਉਸ ਨੂੰ ਹੱਲ ਕਰ ਲੈਂਦੀਆਂ ਹਨ, ਪਰ ਜੇਕਰ ਮਰੀਜ਼ ਦੀ ਹਾਲਤ ਠੀਕ ਨਾ ਹੋਵੇ ਤਾਂ ਉਸ ਨੂੰ ਲੁਧਿਆਣਾ ਸਰਕਾਰੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਜਾਂਦਾ ਹੈ। ਐੱਸ.ਐੱਮ.ਓ. ਨੇ ਕਿਹਾ ਕਿ ਇੱਥੇ ਗਾਇਨੀ ਡਾਕਟਰ ਤਾਇਨਾਤ ਕਰਨ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Sidhu Moosewala New Song : ਆਉਣ ਵਾਲਾ ਹੈ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ATTACH’, ਇਸ ਦਿਨ ਹੋਵੇਗਾ ਰਿਲੀਜ਼
- PTC NEWS