Wed, May 21, 2025
Whatsapp

ਨਹੀਂ ਵਿਕੇਗਾ ਦੇਵ ਆਨੰਦ ਦਾ ਬੰਗਲਾ; ਨਾ ਹੀ ਉੱਥੇ 22 ਮੰਜ਼ਿਲਾ ਟਾਵਰ ਬਣੇਗਾ

Reported by:  PTC News Desk  Edited by:  Jasmeet Singh -- September 20th 2023 02:22 PM -- Updated: September 20th 2023 02:24 PM
ਨਹੀਂ ਵਿਕੇਗਾ ਦੇਵ ਆਨੰਦ ਦਾ ਬੰਗਲਾ; ਨਾ ਹੀ ਉੱਥੇ 22 ਮੰਜ਼ਿਲਾ ਟਾਵਰ ਬਣੇਗਾ

ਨਹੀਂ ਵਿਕੇਗਾ ਦੇਵ ਆਨੰਦ ਦਾ ਬੰਗਲਾ; ਨਾ ਹੀ ਉੱਥੇ 22 ਮੰਜ਼ਿਲਾ ਟਾਵਰ ਬਣੇਗਾ

ਮੁੰਬਈ: ਬੀਤੇ ਦਿਨੀਂ ਇਹ ਖ਼ਬਰ ਆਈ ਸੀ ਕਿ ਮਰਹੂਮ ਅਦਾਕਾਰ ਦੇਵ ਆਨੰਦ ਦਾ ਜੁਹੂ ਸਥਿਤ 73 ਸਾਲ ਪੁਰਾਣਾ ਬੰਗਲਾ ਵਿਕ ਗਿਆ ਹੈ। ਦੱਸਿਆ ਜਾ ਰਿਹਾ ਸੀ ਕਿ ਇਸ ਨੂੰ ਕਰੀਬ 400 ਕਰੋੜ 'ਚ ਵੇਚਿਆ ਗਿਆ ਹੈ ਅਤੇ ਹੁਣ ਇਸ ਬੰਗਲੇ ਦੀ ਜਗ੍ਹਾ 'ਤੇ 22 ਮੰਜ਼ਿਲਾ ਟਾਵਰ ਬਣਾਇਆ ਜਾਵੇਗਾ। 

ਖਬਰਾਂ ਆ ਰਹੀਆਂ ਸਨ ਕਿ ਬੰਗਲਾ ਕਿਸੇ ਰੀਅਲ ਅਸਟੇਟ ਕੰਪਨੀ ਨੇ ਖਰੀਦਿਆ ਹੈ। ਪਰ ਹੁਣ ਮਰਹੂਮ ਅਦਾਕਾਰ ਦੇ ਭਤੀਜੇ ਵੱਲੋਂ ਇਸ ਖ਼ਬਰ ਦਾ ਖੰਡਨ ਕੀਤਾ ਜਾ ਰਿਹਾ ਹੈ।


ਦੇਵ ਆਨੰਦ ਦੇ ਭਰਾ ਚੇਤਨ ਆਨੰਦ ਦੇ ਬੇਟੇ ਨੇ ਈ-ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ 73 ਸਾਲ ਪੁਰਾਣੇ ਬੰਗਲੇ ਨੂੰ ਢਾਹ ਕੇ ਕੋਈ 22 ਮੰਜ਼ਿਲਾ ਟਾਵਰ ਨਹੀਂ ਬਣਾਇਆ ਜਾਵੇਗਾ। 

ਅਦਾਕਾਰ ਦੇ ਭਤੀਜੇ ਨੇ ਦੱਸਿਆ ਕਿ ਰਿਪੋਰਟਾਂ ਮੁਤਾਬਕ ਕੋਈ ਡੀਲ ਨਹੀਂ ਹੋਈ ਹੈ। ਇਹ ਖਬਰਾਂ ਝੂਠੀਆਂ ਹਨ। ਉਸ ਨੇ ਦੱਸਿਆ ਕਿ ਉਸ ਨੇ ਦੇਵ ਆਨੰਦ ਦੇ ਬੱਚਿਆਂ ਨਾਲ ਵੀ ਗੱਲ ਕੀਤੀ ਸੀ ਪਰ ਇਹ ਖ਼ਬਰ ਸੱਚ ਨਹੀਂ ਨਿਕਲੀ।

ਦੱਸ ਦੇਈਏ ਕਿ ਮੰਗਲਵਾਰ ਨੂੰ ਖਬਰ ਆਈ ਸੀ ਕਿ ਦੇਵ ਆਨੰਦ ਦਾ ਜੁਹੂ ਸਥਿਤ 73 ਸਾਲ ਪੁਰਾਣਾ ਬੰਗਲਾ ਵਿਕ ਗਿਆ ਹੈ। ਦੇਵ ਆਨੰਦ ਨੇ ਆਪਣੀ ਜ਼ਿੰਦਗੀ ਦੇ 40 ਸਾਲ ਆਪਣੇ ਪਰਿਵਾਰ ਨਾਲ ਇਸ ਬੰਗਲੇ 'ਚ ਬਿਤਾਏ ਹਨ। ਮਾਧੁਰੀ ਦੀਕਸ਼ਿਤ ਅਤੇ ਡਿੰਪਲ ਕਪਾਡੀਆ ਵੀ ਉਨ੍ਹਾਂ ਦੇ ਬੰਗਲੇ ਦੇ ਕੋਲ ਹੀ ਰਹਿੰਦੀਆਂ ਹਨ।

ਅੱਜ ਜੁਹੂ ਨੂੰ ਮੁੰਬਈ ਦਾ ਸਭ ਤੋਂ ਪੌਸ਼ ਇਲਾਕਾ ਕਿਹਾ ਜਾਂਦਾ ਹੈ ਪਰ ਜਦੋਂ ਦੇਵ ਆਨੰਦ ਨੇ ਇੱਥੇ ਆਪਣਾ ਘਰ ਬਣਾਇਆ ਸੀ ਤਾਂ ਇਹ ਉਜਾੜ ਇਲਾਕਾ ਸੀ। ਜਿੱਥੇ ਚਾਰੇ ਪਾਸੇ ਜੰਗਲ ਹੀ ਜੰਗਲ ਸੀ। ਇਸ ਬਾਰੇ ਦੇਵ ਆਨੰਦ ਨੇ ਵੀ ਇੱਕ ਪੁਰਾਣੇ ਇੰਟਰਵਿਊ ਵਿੱਚ ਦੱਸਿਆ ਸੀ। 

ਉਨ੍ਹਾਂ ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ, “ਮੈਂ 1950 ਵਿੱਚ ਆਪਣਾ ਜੁਹੂ ਘਰ ਬਣਾਇਆ ਸੀ। ਉਸ ਸਮੇਂ ਜੁਹੂ ਇੱਕ ਛੋਟਾ ਜਿਹਾ ਪਿੰਡ ਸੀ ਅਤੇ ਉੱਥੇ ਪੂਰਾ ਜੰਗਲ ਸੀ। ਮੈਨੂੰ ਇਹ ਪਸੰਦ ਹੈ ਕਿਉਂਕਿ ਮੈਂ ਇਕੱਲਾ ਹਾਂ। ਜੁਹੂ ਹੁਣ ਬਹੁਤ ਭੀੜ ਹੋ ਗਈ ਹੈ, ਖਾਸ ਕਰਕੇ ਐਤਵਾਰ ਨੂੰ ਹੋਰ ਭੀੜ ਹੋ ਜਾਂਦੀ ਹੈ। ਇਹ ਹੁਣ ਪਹਿਲਾਂ ਵਾਂਗ ਨਹੀਂ ਰਿਹਾ। ਮੇਰੇ ਆਇਰਿਸ ਪਾਰਕ ਨਿਵਾਸ ਵਿੱਚ ਹੁਣ ਕੋਈ ਪਾਰਕ ਨਹੀਂ ਹੈ, ਮੇਰੇ ਘਰ ਦੇ ਸਾਹਮਣੇ ਇੱਕ ਸਕੂਲ ਅਤੇ ਚਾਰ ਬੰਗਲੇ ਹਨ।"

ਭਾਵੇਂ ਦੇਵ ਆਨੰਦ ਦੇ ਬੰਗਲੇ ਦੀ ਖ਼ਬਰ ਝੂਠੀ ਦੱਸੀ ਜਾ ਰਹੀ ਹੈ ਪਰ ਚੇਂਬੂਰ ਵਿੱਚ ਰਾਜ ਕਪੂਰ ਦਾ ਬੰਗਲਾ ਇਸ ਸਾਲ ਫਰਵਰੀ ਵਿੱਚ ਵੇਚਿਆ ਗਿਆ ਸੀ। ਕਪੂਰ ਪਰਿਵਾਰ ਨੇ ਇਸ ਘਰ 'ਚ ਕਈ ਸਾਲ ਬਿਤਾਏ ਸਨ। ਰਾਜ ਕਪੂਰ ਦਾ ਬੰਗਲਾ ਗੋਦਰੇਜ ਕੰਪਨੀ ਨੇ ਖਰੀਦਿਆ ਹੈ। ਇੱਥੇ ਰੀਅਲ ਅਸਟੇਟ ਦਾ ਕਾਰੋਬਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਰਾਜ ਕਪੂਰ ਦੇ ਆਰਕੇ ਸਟੂਡੀਓ ਨੂੰ ਵੀ ਗੋਦਰੇਜ ਪ੍ਰਾਪਰਟੀਜ਼ ਲਿਮਟਿਡ ਨੇ ਖਰੀਦਿਆ ਸੀ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਸ਼ੁਭ ਨੂੰ ਆਪਣੇ ਭਾਰਤ ਟੂਰ ਤੋਂ ਪਹਿਲਾਂ ਕਿਉਂ ਕਰਨਾ ਪੈ ਰਿਹਾ ਵਿਰੋਧ ਦਾ ਸਾਹਮਣਾ? ਇੱਥੇ ਜਾਣੋ

- PTC NEWS

Top News view more...

Latest News view more...

PTC NETWORK