Amritsar News : ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਇੱਕ ਸ਼ਰਧਾਲੂ ਦੀ ਮੌਤ, ਰੇਲਿੰਗ ਤੋਂ ਪੈਰ ਫਿਸਲਣ ਕਾਰਨ ਡੂੰਘੀ ਖੱਡ 'ਚ ਡਿੱਗਿਆ
Amritsar News : ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਪਹਾੜੀ ਇਲਾਕਿਆਂ 'ਚ ਜ਼ਮੀਨ ਖਿਸਕਣ ਕਾਰਨ ਹਾਦਸੇ ਵਾਪਰ ਰਹੇ ਹਨ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਇਕ ਪੰਜਾਬੀ ਨੌਜਵਾਨ ਦੀ ਡੂੰਘੀ ਖੱਡ ਵਿਚ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 18 ਸਾਲਾਂ ਗੁਰਪ੍ਰੀਤ ਸਿੰਘ ਵਾਸੀ ਕਾਲੇ ਘਣਪੁਰ ,ਅੰਮ੍ਰਿਤਸਰ ਵਜੋਂ ਹੋਈ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ 90 ਲੋਕਾਂ ਦੇ ਗਰੁੱਪ ਨਾਲ ਜਾ ਰਿਹਾ ਸੀ।
ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ, ਜੋ ਕਿ ਇੱਕ ਗ੍ਰੰਥੀ ਸਿੰਘ ਦਾ ਪੁੱਤਰ ਸੀ, ਆਪਣੇ ਨਾਨਕੇ ਪਰਿਵਾਰ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਲਈ ਗਿਆ ਹੋਇਆ ਸੀ। ਯਾਤਰਾ ਦੌਰਾਨ ਰਸਤੇ ਵਿੱਚ ਰੇਲਿੰਗ ਤੋਂ ਪੈਰ ਫਿਸਲਣ ਕਾਰਨ ਉਹ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। SDRF ਟੀਮ ਨੇ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਹੈ। ਮੌਕੇ ‘ਤੇ ਟੀਮਾਂ ਵੱਲੋਂ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ।
ਗੋਬਿੰਦਘਾਟ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਯਾਤਰਾ ਮਾਰਗ ਉਤੇ ਜੰਗਲਚੱਟੀ ਨੇੜੇ ਗੁਰਪ੍ਰੀਤ ਸਿੰਘ ਪੈਦਲ ਰਸਤਾ ਛੱਡ ਕੇ ਪੁਰਾਣੇ ਤੇ ਖਰਾਬ ਰਸਤੇ ‘ਤੇ ਜਾ ਰਿਹਾ ਸੀ ਤੇ ਰੇਲਿੰਗ ਪਾਰ ਕਰਕੇ ਸ਼ਾਰਟ ਕੱਟ ਰਸਤੇ ‘ਤੇ ਚਲਾ ਗਿਆ, ਜੋ ਸੁਰੱਖਿਆ ਕਾਰਨਾਂ ਕਰਕੇ ਪਹਿਲਾਂ ਹੀ ਬੰਦ ਸੀ, ਜਿਥੇ ਪੈਰ ਫਿਸਲਣ ਕਰਕੇ ਉਹ ਡੂੰਘੀ ਖੱਡ ਵਿਚ ਜਾ ਡਿੱਗਿਆ ਹੈ ਤੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ SDRF ਤੇ ਹੋਰ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਗੁਰਪ੍ਰੀਤ ਸਿੰਘ ਨੂੰ ਬੜੀ ਮੁਸ਼ੱਕਤ ਨਾਲ ਖੱਡ ਵਿਚੋਂ ਬਾਹਰ ਕੱਢਿਆ ਤੇ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਉਤਰਾਖੰਡ ਵਿੱਚ ਇੱਕ ਵਾਰ ਫਿਰ ਭਾਰੀ ਮਾਨਸੂਨ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਉਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ-ਤੂਫ਼ਾਨ ਦੇ ਨਾਲ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਸੋਮਵਾਰ ਨੂੰ ਦੇਹਰਾਦੂਨ ਸਮੇਤ ਰਾਜ ਦੇ ਛੇ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਬਾਰਿਸ਼ ਦੇਖੀ ਜਾ ਸਕਦੀ ਹੈ। ਇਸ ਸੰਬੰਧੀ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਰਾਜ ਭਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
- PTC NEWS