ਢਿੱਲੋਂ ਭਰਾਵਾਂ ਦੀ ਮੌਤ ਦਾ ਮਾਮਲਾ: ਪੀ.ਟੀ.ਸੀ. 'ਤੇ ਖ਼ਬਰ ਨਸ਼ਰ ਹੋਣ ਮਗਰੋਂ ਮਹਿਕਮੇ ਵੱਲੋਂ ਥਾਣੇਦਾਰ ਲਾਈਨ ਹਾਜ਼ਿਰ
ਮੁਹਾਲੀ: ਪੀ.ਟੀ.ਸੀ ਦੇ ਸੰਪਾਦਕ ਹਰਪ੍ਰੀਤ ਸਿੰਘ ਦੇ ਸ਼ੋਅ ਵਿਚਾਰ-ਤਕਰਾਰ ਦੇ ਬੀਤੇ ਕੱਲ੍ਹ (25 ਅਗਸਤ 2023) ਨਸ਼ਰ ਹੋਏ ਐਪੀਸੋਡ ਤੋਂ ਬਾਅਦ ਕੁੰਭਕਰਨੀ ਨੀਂਦ ਸੁੱਤੇ ਪੁਲਿਸ ਪ੍ਰਸ਼ਾਸਨ ਨੂੰ ਜਾਗ ਆ ਗਈ ਅਤੇ ਦੋ ਭਰਾਵਾਂ ਦੇ ਮੌਤ ਦੇ ਮਾਮਲੇ 'ਚ ਕਥਿਤ ਦੋਸ਼ਾਂ ਤਹਿਤ ਥਾਣੇਦਾਰ ਨਵਦੀਪ ਸਿੰਘ ਨੂੰ ਲਾਈਨ ਹਾਜ਼ਿਰ ਕਰ ਲਿਆ।
ਬਿਆਸ ਦਰਿਆ ਵਿੱਚ ਛਾਲ ਮਾਰ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ ਢਿੱਲੋਂ ਭਰਾਵਾਂ ਦੇ ਮਾਮਲੇ ਵਿੱਚ ਕਥਿਤ ਦੋਸ਼ੀ ਐੱਸ.ਐੱਚ.ਓ ਨਵਦੀਪ ਸਿੰਘ ਨੂੰ ਲਾਈਨ ਹਾਜ਼ਿਰ ਕਰ ਲਿਆ ਗਿਆ। ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੀ ਇਸ ਕਰਵਾਈ ਉੱਤੇ ਪੀ.ਟੀ.ਸੀ ਨਿਊਜ਼ ਦਾ ਧੰਨਵਾਦ ਪ੍ਰਗਟ ਕੀਤਾ ਹੈ।
ਪੀੜਤ ਪਰਿਵਾਰ ਦਾ ਕਹਿਣਾ, "ਸਾਡੀ ਗਲ ਨੂੰ ਪੀ.ਟੀ.ਸੀ ਨਿਊਜ਼ ਵੱਲੋਂ ਬੇਬਾਕੀ ਨਾਲ ਰੱਖਿਆ ਗਿਆ ਅਤੇ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਸਵਾਲ ਕੀਤੇ, ਜਿਸ ਤੋਂ ਬਾਅਦ ਐੱਸ.ਐੱਚ.ਓ ਉੱਤੇ ਕਾਰਵਾਈ ਹੋਈ ਹੈ। ਅਸੀਂ ਪੀ.ਟੀ.ਸੀ. ਵਾਲਿਆਂ ਦਾ ਧੰਨਵਾਦ ਕਰਦੇ ਹਾਂ। ਵਿਚਾਰ-ਤਕਰਾਰ ਦੇ ਪ੍ਰੋਗਰਾਮ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੁਣ ਐੱਸ.ਆਈ.ਟੀ ਦੇ ਗਠਨ ਦੀ ਵੀ ਗੱਲ ਆਖ ਰਿਹਾ ਹੈ।"
ਕਪੂਰਥਲਾ ਦੇ ਗੋਇੰਦਵਾਲ 'ਚ ਪੈਂਦੇ ਬਿਆਸ ਦਰਿਆ ਦੇ ਪੁਲ ਤੋਂ 2 ਭਰਾਵਾਂ ਨੇ ਛਾਲ ਮਾਰ ਦਿੱਤੀ ਸੀ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਸਨ, ਦੋਵਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਦੋਵਾਂ ਨੇ ਜਲੰਧਰ ਡਿਵੀਜ਼ਨ ਨੰਬਰ 1 ਥਾਣੇ ਦੇ ਐੱਸ.ਐੱਚ.ਓ ਵੱਲੋਂ ਕੀਤੀ ਜਾਂਦੀ ਬੇਇੱਜ਼ਤੀ ’ਤੇ ਦਰਿਆ 'ਚ ਛਾਲ ਮਾਰ ਦਿੱਤੀ। ਘਟਨਾ ਸ਼ੁੱਕਰਵਾਰ (18 ਅਗਸਤ 2023) ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ।
ਮਾਨਵਦੀਪ ਸਿੰਘ ਵਾਸੀ ਮੁਹੱਲਾ ਅਗਵਾੜ ਕੰਬੋਆ ਧਰਮਕੋਟ ਜ਼ਿਲ੍ਹਾ ਮੋਗਾ ਹਾਲ ਵਾਸੀ ਜਲੰਧਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਦੋਸਤ ਦੀ ਭੈਣ ਪਰਮਿੰਦਰ ਕੌਰ ਦਾ ਉਸ ਦੇ ਪਤੀ ਗੁਰਮੀਤ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਉਹ ਪੰਚਾਇਤ ਦੌਰਾਨ ਥਾਣਾ ਡਵੀਜ਼ਨ ਨੰਬਰ 1 ਜਲੰਧਰ ਗਿਆ ਸੀ। 16 ਅਗਸਤ ਨੂੰ ਥਾਣਾ ਸਦਰ ਵਿਖੇ ਦੋਵਾਂ ਧਿਰਾਂ ਵਿੱਚ ਬਹਿਸ ਹੋ ਗਈ।
ਇਸ ਦੌਰਾਨ ਲੜਕੇ ਵਾਲੇ ਨੇ ਸਾਡੀ ਲੜਕੀ ਪਰਮਿੰਦਰ ਕੌਰ ਅਤੇ ਮਾਨਵਜੀਤ ਨਾਲ ਦੁਰਵਿਵਹਾਰ ਕੀਤਾ। ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਵੀ ਥਾਣੇ ਵਿੱਚੋਂ ਬਾਹਰ ਕੱਢ ਦਿੱਤਾ। ਕੁਝ ਸਮੇਂ ਬਾਅਦ ਇੱਕ ਵਿਅਕਤੀ ਮਾਨਵਜੀਤ ਨੂੰ ਥਾਣੇਦਾਰ ਨਵਦੀਪ ਸਿੰਘ ਕੋਲ ਲੈ ਗਿਆ। ਕੁਝ ਮਿੰਟਾਂ ਬਾਅਦ ਅੰਦਰੋਂ ਚੀਕਣ ਦੀਆਂ ਆਵਾਜ਼ ਆਈ। ਸਾਡੇ ਸਾਹਮਣੇ ਮਾਨਵਜੀਤ ਨੂੰ ਥੱਪੜ ਮਾਰ ਉਸ ਦੀ ਪੱਗ ਲਾਹ ਦਿੱਤੀ ਗਈ।
ਇਸ ਮਗਰੋਂ ਪੁਲਿਸ ਨੇ ਰਾਤ ਕਰੀਬ 8 ਵਜੇ ਮਾਨਵਜੀਤ ਸਿੰਘ ਢਿੱਲੋਂ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਅਗਲੇ ਦਿਨ ਸ਼ਾਮ ਨੂੰ ਮਾਨਵਜੀਤ ਨੂੰ ਜ਼ਮਾਨਤ ਮਿਲ ਗਈ। ਅਗਲੇ ਦਿਨ ਮਾਨਵਜੀਤ ਦਾ ਛੋਟਾ ਭਰਾ ਜਸ਼ਨਦੀਪ ਸਵੇਰੇ ਬਿਨਾਂ ਦੱਸੇ ਘਰੋਂ ਚਲਾ ਗਿਆ।
ਸ਼ਾਮ ਨੂੰ ਫੋਨ ਕਰਕੇ ਕਿਹਾ ਕਿ ਉਹ ਥਾਣੇਦਾਰ ਨਵਦੀਪ ਵੱਲੋਂ ਕੀਤੀ ਗਈ ਬੇਇੱਜ਼ਤੀ ਕਾਰਨ ਦਰਿਆ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਰਿਹਾ ਹੈ। ਜਸ਼ਨਦੀਪ ਸਮਝਾਉਣ ਪਹੁੰਚਿਆ ਪਰ ਉਸ ਨੇ ਛਾਲ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਮਾਨਵਜੀਤ ਨੇ ਵੀ ਛਾਲ ਮਾਰ ਦਿੱਤੀ। ਜ਼ਿਕਰਯੋਗ ਹੈ ਕਿ ਥਾਣੇਦਾਰ ਨਵਦੀਪ ਸਿੰਘ ਕਰੋਨਾ ਦੌਰਾਨ ਸਬਜ਼ੀ ਵਿਕਰੇਤਾ ਦੀ ਰੇਹੜੀ ਨੂੰ ਲੱਤ ਮਾਰਨ ਕਾਰਨ ਵੀ ਵਿਵਾਦਾਂ ਵਿੱਚ ਘਿਰ ਗਿਆ ਸੀ।
ਥਾਣੇਦਾਰ ਨਵਦੀਪ ਸਿੰਘ ਨੇ ਮੀਡੀਆ ਵਿੱਚ ਜ਼ਲੀਲ ਕਰਨ ਦੇ ਕਥਿਤ ਦੋਸ਼ਾਂ ਨੂੰ ਨਕਾਰਿਆ ਹੈ। ਉਸਦਾ ਕਹਿਣਾ ਕਿ ਮਾਨਵਜੀਤ ਥਾਣੇ ਆਇਆ ਸੀ। ਉਸ ਨੇ ਮਹਿਲਾ ਕਾਂਸਟੇਬਲ ਨਾਲ ਦੁਰਵਿਵਹਾਰ ਕੀਤਾ ਅਤੇ ਪੁਲਿਸ ਮੁਲਾਜ਼ਮ ਨਾਲ ਬਹਿਸ ਕੀਤੀ। ਜਿਸ ਕਾਰਨ 7/51 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਪਰ ਦੋ ਹਫ਼ਤੇ ਬੀਤ ਜਾਣ ਮਗਰੋਂ ਵੀ ਇਸ ਮਾਮਲੇ 'ਚ ਥਾਣੇਦਾਰ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ ਸੀ ਅਤੇ ਹੁਣ ਪੀ.ਟੀ.ਸੀ 'ਤੇ ਇਸ ਮਾਮਲੇ ਬਾਰੇ ਰਿਪੋਰਟ ਅਤੇ ਡੀਬੇਟ ਮਗਰੋਂ ਪੁਲਿਸ ਮਹਿਕਮੇ ਦਾ ਕਹਿਣਾ ਕਿ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਮਿਲੀ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਵਾਂ ਨੌਜਵਾਨਾਂ ਦੀ ਭਾਲ ਵੀ ਜਾਰੀ ਹੈ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
- PTC NEWS