SardaarJi-3 : ਦਿਲਜੀਤ ਦੁਸਾਂਝ ਦੇ ਹੱਕ 'ਚ ਕੌਣ ਤੇ ਵਿਰੋਧ 'ਚ ਕੌਣ ਤੇ ਕਿਉਂ ? ਕੀ ਹੈ ਵਿਵਾਦ ਦੀ ਅਸਲੀ ਜੜ੍ਹ ? ਵੇਖੋ ਵਿਸਥਾਰਤ ਰਿਪੋਰਟ
SardaarJi- 3 Controversy : ਦੇਸ਼ਾਂ-ਵਿਦੇਸ਼ਾਂ ਤੱਕ ਪੰਜਾਬ ਦੀ ਧੱਕ ਪਾਉਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ (Diljit Dosanjh Controversy) ਅੱਜਕਲ੍ਹ ਆਪਣੀ ਫਿਲਮ 'ਸਰਦਾਰਜੀ-2' ਨੂੰ ਲੈ ਕੇ ਵਿਵਾਦਾਂ 'ਚ ਘਿਰੇ ਹੋਏ ਹਨ। ਇਹ ਪੰਜਾਬੀ ਫਿਲਮ ਭਾਰਤ ਨੂੰ ਛੱਡ ਕੇ ਦੇਸ਼ਾਂ-ਵਿਦੇਸ਼ਾਂ ਵਿੱਚ ਲੰਘੀ 27 ਜੂਨ ਨੂੰ ਹੀ ਰਿਲੀਜ਼ ਹੋ ਚੁੱਕੀ ਹੈ, ਹਾਲਾਂਕਿ ਇਸ 'ਤੇ ਪਾਬੰਦੀ ਲਗਾਉਣ ਨੂੰ ਲੈ ਕੇ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਸ ਦਾ ਇੱਕੋ-ਇੱਕ ਕਾਰਨ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦਾ ਹੋਣਾ ਹੈ। ਦਿਲਜੀਤ ਦੁਸਾਂਝ ਨੂੰ ਇਸ ਫਿਲਮ 'ਚ ਪਾਕਿਸਤਾਨੀ ਅਦਾਕਾਰਾ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਬੁਰਾ-ਭਲਾ ਕਿਹਾ ਗਿਆ ਹੈ, ਪਰ ਜਿਥੇ ਪੰਜਾਬੀ ਗਾਇਕ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ, ਉਥੇ ਹੀ ਹੁਣ ਕਈ ਪੰਜਾਬੀ ਤੇ ਬਾਲੀਵੁੱਡ ਜਗਤ ਅਤੇ ਸਿਆਸੀ ਸ਼ਖਸੀਅਤਾਂ ਉਸ ਦੇ ਸਮਰਥਨ 'ਚ ਨਿੱਤਰੀਆਂ ਹਨ।
ਕੀ ਹੈ ਵਿਵਾਦ ਦੀ ਅਸਲੀ ਜੜ੍ਹ ?
ਵਿਵਾਦ ਦੀ ਅਸਲ ਜੜ੍ਹ ਫਿਲਮ ਵਿੱਚ ਲੀਡ ਰੋਲ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਹੈ, ਜਿਸ ਨੂੰ ਲੈ ਕੇ ਵਿਰੋਧ ਕਰਨ ਵਾਲਿਆਂ ਦਾ ਤੱਥ ਹੈ ਕਿ ਦਿਲਜੀਤ ਦੁਸਾਂਝ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ 22 ਭਾਰਤੀ ਨਾਗਰਿਕਾਂ ਨੂੰ ਅਤੇ ਉਪਰੰਤ ਭਾਰਤ ਵੱਲੋਂ ਪਾਕਿਸਤਾਨ ਦੇ ਕੀਤੇ ਬਾਈਕਾਟ ਨੂੰ ਅੱਖੋਂ-ਪਰੋਖੇ ਕੀਤਾ। ਹਾਲਾਂਕਿ, ਦਿਲਜੀਤ ਦੀ ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਫਿਲਮ ਦੀ ਸ਼ੂਟਿੰਗ ਅੱਤਵਾਦੀ ਹਮਲੇ ਤੋਂ ਪਹਿਲਾਂ ਦੀ ਪੂਰੀ ਹੋ ਚੁੱਕੀ ਸੀ ਅਤੇ ਸਿਰਫ਼ ਰਿਲੀਜ਼ ਬਾਕੀ ਸੀ।
ਦਿਲਜੀਤ ਦੁਸਾਂਝ ਦੇ ਵਿਰੋਧ 'ਚ ਕੌਣ-ਕੌਣ ?
''ਨਕਲੀ ਗਾਇਕ...'' ਮੀਕਾ ਨੇ ਕੀਤੀ ਟਿਪਣੀ
''ਭਾਰਤ ਅਤੇ ਪਾਕਿਸਤਾਨ ਵਿਚਕਾਰ ਚੀਜ਼ਾਂ ਠੀਕ ਨਹੀਂ ਚਲ ਰਹੀਆਂ ਹਨ। ਇਸ ਦੇ ਬਾਵਜੂਦ ਕੁੱਝ ਲੋਕ ਗ਼ੈਰ-ਜਿੰਮੇਵਾਰ ਬਣ ਰਹੇ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੱਕ ਨਕਲੀ ਗਾਇਕ, ਜਿਸ ਨੇ ਭਾਰਤ ਵਿੱਚ 10 ਸ਼ੋਅ ਕੀਤੇ ਅਤੇ ਹਜ਼ਾਰਾਂ ਪ੍ਰ਼ਸ਼ੰਸਕਾਂ ਨੂੰ ਟਿਕਟਾਂ ਵੇਚੀਆਂ, ਹੁਣ ਉਸ ਨੂੰ ਕੋਈ ਪਰਵਾਹ ਨਹੀਂ ਹੈ। ਉਸ ਨੇ ਪ੍ਰਸ਼ੰਸਕਾਂ ਨੂੰ ਧੋਖਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਛੱਡ ਦਿੱਤਾ ਹੈ।''
"ਲਖ ਪਰਦੇਸੀ ਹੋਈਏ ... ਗੁਰੂ ਰੰਧਾਵਾ
ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ X 'ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਰਾਹੀਂ ਉਸ ਨੇ ਦਿਲਜੀਤ 'ਤੇ ਨਿਸ਼ਾਨਾ ਸਾਧਿਆ। ਗੁਰੂ ਰੰਧਾਵਾ ਨੇ ਮਾਈਕ੍ਰੋਬਲੌਗਿੰਗ ਸਾਈਟ 'ਤੇ ਲਿਖਿਆ, "ਲਖ ਪਰਦੇਸੀ ਹੋਈਏ। ਆਪਣਾ ਦੇਸ਼ ਨਹੀਂ ਭਾਂਡੀ ਦਾ। ਜੇਹਰੇ ਮੁਲਕ ਦਾ ਖਾਏ ਉਸ ਦਾ ਬੁਰਾ ਨਹੀਂ ਮੰਗੀ ਦਾ। ਭਾਵੇਂ ਹੁਣ ਤੁਹਾਡੀ ਨਾਗਰਿਕਤਾ ਭਾਰਤੀ ਨਹੀਂ ਹੈ ਪਰ ਤੁਸੀਂ ਇੱਥੇ ਪੈਦਾ ਹੋਏ ਹੋ, ਕਿਰਪਾ ਕਰਕੇ ਇਹ ਯਾਦ ਰੱਖੋ। ਇਸ ਦੇਸ਼ ਨੇ ਮਹਾਨ ਕਲਾਕਾਰ ਬਣਾਏ ਹਨ ਅਤੇ ਸਾਨੂੰ ਸਾਰਿਆਂ ਨੂੰ ਇਸ 'ਤੇ ਮਾਣ ਹੈ। ਕਿਰਪਾ ਕਰਕੇ ਜਿੱਥੇ ਤੁਸੀਂ ਪੈਦਾ ਹੋਏ ਹੋ, ਉਸ 'ਤੇ ਮਾਣ ਕਰੋ। ਸਿਰਫ਼ ਇੱਕ ਸਲਾਹ। ਹੁਣ ਦੁਬਾਰਾ ਵਿਵਾਦ ਸ਼ੁਰੂ ਨਾ ਕਰੋ ਅਤੇ ਭਾਰਤੀਆਂ ਨਾਲ ਛੇੜਛਾੜ ਨਾ ਕਰੋ LOL। ਕਲਾਕਾਰ ਨਾਲੋਂ ਵੱਡਾ (sic)"।
'ਫਿੱਟੇ ਮੂੰਹ...''
ਬੀ-ਪ੍ਰਾਕ ਨੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਹੈ, 'ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਜ਼ਮੀਰ ਵੇਚ ਦਿੱਤੀ ਹੈ। ਫਿਤੇ ਮੁਹ ਤੁਹਾਡੇ (ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ)। ਹਾਲਾਂਕਿ ਬੀ ਪ੍ਰਾਕ ਨੇ ਕਿਸੇ ਦਾ ਨਾਮ ਨਹੀਂ ਲਿਆ ਹੈ, ਪਰ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਪੋਸਟ ਦਿਲਜੀਤ ਬਾਰੇ ਹੈ।' ਹਾਲਾਂਕਿ ਪ੍ਰਾਕ ਨੇ ਦਿਲਜੀਤ ਦਾ ਨਾਮ ਨਹੀਂ ਲਿਆ, ਪਰ ਉਸ ਦੀ ਪੋਸਟ ਇਸ ਵੱਲ ਹੀ ਇਸ਼ਾਰਾ ਸੀ।
ਦਿਲਜੀਤ ਦੁਸਾਂਝ ਦੇ ਸਮਰਥਨ 'ਚ ਕੌਣ-ਕੌਣ ?
ਦੇਸ਼ ਭਗਤੀ ਨੂੰ ਹਥਿਆਰ ਨਾ ਬਣਾਓ : ਆਰ.ਪੀ. ਸਿੰਘ
ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਦਿਲਜੀਤ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਦਿਲਜੀਤ ਸਿਰਫ਼ ਇੱਕ ਕਲਾਕਾਰ ਨਹੀਂ ਹੈ, ਸਗੋਂ ਭਾਰਤੀ ਸੱਭਿਆਚਾਰ ਦਾ ਵਿਸ਼ਵਵਿਆਪੀ ਚਿਹਰਾ ਅਤੇ ਇੱਕ ਰਾਸ਼ਟਰੀ ਸੰਪਤੀ ਹੈ। FWICE ਵੱਲੋਂ ਉਸਦੀ ਨਾਗਰਿਕਤਾ ਰੱਦ ਕਰਨ ਦੀ ਮੰਗ ਪੂਰੀ ਤਰ੍ਹਾਂ ਤਰਕਹੀਣ ਹੈ। ਦੇਸ਼ ਭਗਤੀ ਨੂੰ ਹਥਿਆਰ ਨਾ ਬਣਾਓ, ਇਸ 'ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਜਦੋਂ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਹੋਇਆ ਤਾਂ ਕੋਈ ਇਤਰਾਜ਼ ਕਿਉਂ ਨਹੀਂ ਸੀ? -ਆਰਪੀ ਸਿੰਘ ਨੇ ਪੁੱਛਿਆ ਕਿ ਹਮਲੇ ਤੋਂ ਪਹਿਲਾਂ ਜਦੋਂ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਹੋਇਆ ਤਾਂ ਕੋਈ ਇਤਰਾਜ਼ ਕਿਉਂ ਨਹੀਂ ਸੀ, ਅਤੇ ਪਾਕਿਸਤਾਨੀ ਮਹਿਮਾਨਾਂ ਨੂੰ ਟੀਆਰਪੀ ਲਈ ਸੱਦਾ ਦੇਣ ਵਾਲੇ ਐਂਕਰਾਂ ਤੋਂ ਕੋਈ ਸਵਾਲ ਕਿਉਂ ਨਹੀਂ ਉਠਾਏ ਗਏ? ਉਨ੍ਹਾਂ ਨੇ ਰਾਸ਼ਟਰਵਾਦ ਨੂੰ ਸਸਤਾ ਨਾ ਬਣਾਉਣ ਦੀ ਅਪੀਲ ਕੀਤੀ ਅਤੇ FWICE ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਦਿਲਜੀਤ ਦੋਸਾਂਝ ਦਾ ਵਿਰੋਧ ਕਰਨ ਵਾਲਿਆਂ ਨੂੰ ਹੌਬੀ ਧਾਲੀਵਾਲ ਦਾ ਠੋਕਵਾਂ ਜਵਾਬ
''ਪਾਕਿਸਤਾਨ ਤਾਂ ਮੈਂ ਵੀ ਗਿਆ ਸੀ, ਮੈਨੂੰ ਵੀ ਬੈਨ ਕਰ ਦਿਓ, ਬਾਕੀ ਆਰਟਿਸਟ ਵੀ ਬੈਨ ਕਰੋ ਫਿਰ। ਦਿਲਜੀਤ ਤੈਨੂੰ ਬਹੁਤ ਸਾਰਾ ਸਤਿਕਾਰ, ਪੰਜਾਬੀ ਹੋਣ ਦੇ ਨਾਤੇ ਸਿਰ ਮਾਣ ਨਾਲ ਉੱਚਾ ਹੁੰਦਾ ਹੈ ਜਦੋਂ ਤੂੰ ਇੰਟਰਨੈਸ਼ਨਲ ਸਟੇਜ 'ਤੇ ਤਿਰੰਗਾ ਲੈ ਕੇ ਜਾਂਦਾ ਹੈ ਤੇ ਕਹਿੰਦਾ ਹੈ ਕਿ ਪੰਜਾਬੀ ਆ ਗਏ ਓਏ''
ਦਿਲਜੀਤ ਦੋਸਾਂਝ ਦੀ ਹੱਕ 'ਚ ਆਈਆਂ ਬਾਲੀਵੁੱਡ ਦੀਆਂ ਦੋ ਹਸਤੀਆਂ
ਦਿਲਜੀਤ ਦਾ ਦਿਲ ਦੇਸ਼ਭਗਤੀ ਨਾਲ ਭਰਿਆ ਹੋਇਆ ਹੈ, ਆਪਣੀਆਂ ਸਟੇਜਾਂ 'ਤੇ ਉਹ ਤਿਰੰਗਾ ਲਹਿਰਾਉਂਦਾ ਹੈ- ਇਮਤਿਆਜ਼ ਅਲੀ, ਫਿਲਮਕਾਰ
ਜਿਸ ਵੇਲੇ ਫ਼ਿਲਮ ਬਣੀ ਉਸ ਵੇਲੇ ਪਹਿਲਾਗਾਮ ਦੀ ਘਟਨਾ ਨਹੀਂ ਹੋਈ ਸੀ, ਫ਼ਿਲਮ ਬੈਨ ਹੋਣ ਨਾਲ ਪਾਕਿਸਤਾਨ ਨਹੀਂ ਹਿੰਦੁਸਤਾਨ ਦਾ ਪੈਸਾ ਡੁੱਬੇਗਾ- ਜਾਵੇਦ ਅਖ਼ਤਰ, ਗੀਤਕਾਰ ਅਤੇ ਲੇਖਕ
ਦਿਲਜੀਤ ਦੋਸਾਂਝ ਦੇ ਹੱਕ 'ਚ ਗਰਜੇ ਦੇਵ ਖਰੌੜ
''ਦੋਹਾਂ ਮੁਲਕਾਂ ਵਿਚਾਲੇ ਹਾਲਾਤ ਖ਼ਰਾਬ ਹੋਣ ਤੋਂ ਪਹਿਲਾਂ ਫ਼ਿਲਮ ਬਣੀ ਸੀ। ਵਿਰੋਧੀਆਂ ਨੂੰ ਦਿਲਜੀਤ ਦੀ ਚੜ੍ਹਾਈ ਬਰਦਾਸ਼ਤ ਨਹੀਂ। ਪ੍ਰੋਡਿਊਸਰਾਂ ਦਾ ਕੀ ਕਸੂਰ ਜਿਨ੍ਹਾਂ ਦਾ ਪੈਸਾ ਲੱਗਾ ਹੈ। ਜਿੱਥੇ ਵੀ ਫ਼ਿਲਮ ਰਿਲੀਜ਼ ਹੋਈ ਹੈ ਦੱਬ ਕੇ ਸਪੋਰਟ ਕਰੋ ਤੇ ਵਾਧੇ-ਘਾਟੇ ਪੂਰੇ ਕਰ ਦਿਓ ਪੰਜਾਬੀਓ''
ਇਸ ਦੇ ਨਾਲ ਹੀ ਪੰਜਾਬੀ ਗਾਇਕ ਜਸਬੀਰ ਜੱਸੀ, ਅਸ਼ੋਕ ਮਸਤੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ, ਸਾਂਸਦ ਵਿਕਰਮਜੀਤ ਸਿੰਘ ਸਾਹਨੀ ਸਮੇਤ ਹੋਰ ਵੀ ਕਈ ਸ਼ਖਸੀਅਤਾਂ ਹੱਕ ਵਿੱਚ ਨਿੱਤਰ ਰਹੀਆਂ ਹਨ।
- PTC NEWS