Diljit Dosanjh Course : ਦਿਲਜੀਤ ਦੋਸਾਂਝ ਨੇ ਸਿਰਜਿਆ ਇਤਿਹਾਸ, ਕੈਨੇਡੀਅਨ ਯੂਨੀਵਰਸਿਟੀ ਨੇ ਗਾਇਕ 'ਤੇ ਸ਼ੁਰੂ ਕੀਤਾ ਕੋਰਸ
Course on Diljit Dosanjh Legacy : ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ (TMU) ਇਤਿਹਾਸ ਰਚਣ ਜਾ ਰਹੀ ਹੈ। ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ 'ਤੇ ਇੱਕ ਨਵਾਂ ਕੋਰਸ 2026 ਦੇ ਪਤਝੜ ਸੈਸ਼ਨ ਵਿੱਚ ਇੱਥੇ ਸ਼ੁਰੂ ਕੀਤਾ ਜਾਵੇਗਾ। ਇਹ ਕੋਰਸ ਯੂਨੀਵਰਸਿਟੀ ਦੇ 'ਦ ਕਰੀਏਟਿਵ' ਸਕੂਲ ਰਾਹੀਂ ਪੇਸ਼ ਕੀਤਾ ਜਾਵੇਗਾ ਅਤੇ ਇਹ ਇੱਕ ਪੰਜਾਬੀ ਕਲਾਕਾਰ 'ਤੇ ਅਧਾਰਤ ਆਪਣੀ ਕਿਸਮ ਦਾ ਪਹਿਲਾ ਕੋਰਸ ਹੋਵੇਗਾ।
TMU ਦੇ ਸਹਾਇਕ ਪ੍ਰੋਫੈਸਰ ਡਾ. ਚਾਰਲੀ ਵਾਲ-ਐਂਡਰਿਊਜ਼ ਨੇ ਕਿਹਾ, "ਦਿਲਜੀਤ ਦੋਸਾਂਝ ਦੀ ਯਾਤਰਾ ਸੱਭਿਆਚਾਰ, ਪਛਾਣ ਅਤੇ ਵਿਸ਼ਵ ਸੰਗੀਤ ਕਾਰੋਬਾਰ ਦੇ ਸੁਮੇਲ ਦਾ ਪ੍ਰਤੀਕ ਹੈ। ਇਹ ਕੋਰਸ ਵਿਦਿਆਰਥੀਆਂ ਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਕਿਵੇਂ ਪੰਜਾਬੀ ਸੰਗੀਤ ਨੇ ਵਿਸ਼ਵ ਪੌਪ ਸੱਭਿਆਚਾਰ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਡਾਇਸਪੋਰਾ ਭਾਈਚਾਰਿਆਂ ਨੂੰ ਜੋੜਿਆ ਹੈ।"
ਦਿਲਜੀਤ ਦੋਸਾਂਝ ਹੁਣ ਸਿਰਫ਼ ਇੱਕ ਖੇਤਰੀ ਗਾਇਕ ਨਹੀਂ ਹੈ, ਸਗੋਂ ਇੱਕ ਕਲਾਕਾਰ ਹੈ, ਜਿਸਨੇ ਅੰਤਰਰਾਸ਼ਟਰੀ ਪਲੇਟਫਾਰਮਾਂ 'ਤੇ ਆਪਣੀ ਪਛਾਣ ਬਣਾਈ ਹੈ। ਉਹ ਕੋਚੇਲਾ ਵਰਗੇ ਵੱਡੇ ਮੰਚ 'ਤੇ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਗਾਇਕ ਬਣ ਗਿਆ। ਉਸਦੇ 'ਦਿਲ-ਲੁਮਿਨਾਤੀ ਟੂਰ' ਨੇ ਉੱਤਰੀ ਅਮਰੀਕਾ ਵਿੱਚ ਵੀ ਰਿਕਾਰਡਤੋੜ ਪ੍ਰਸਿੱਧੀ ਪ੍ਰਾਪਤ ਕੀਤੀ।
ਰਿਪਲ ਇਫੈਕਟਸ ਦੀ ਸੀਈਓ ਸੋਨਾਲੀ ਸਿੰਘ ਨੇ ਕਿਹਾ, "ਦਿਲਜੀਤ ਦਾ ਸਫ਼ਰ ਸਿਰਫ਼ ਵਪਾਰਕ ਸਫਲਤਾ ਨਹੀਂ ਹੈ, ਸਗੋਂ ਇਹ ਪੰਜਾਬੀ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਦੀ ਸੱਭਿਆਚਾਰਕ ਪਛਾਣ ਅਤੇ ਰਚਨਾਤਮਕ ਆਜ਼ਾਦੀ ਦਾ ਪ੍ਰਤੀਕ ਹੈ। ਇਹ ਕੋਰਸ ਵਿਦਿਅਕ ਪੱਧਰ 'ਤੇ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਦਾ ਹੈ, ਜੋ ਕਿ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ।"
ਬਿਲਬੋਰਡ ਕੈਨੇਡਾ ਨੇ ਵੀ ਦਿਲਜੀਤ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਨਾਮ 'ਤੇ ਇੱਕ ਵਿਸ਼ੇਸ਼ ਐਡੀਸ਼ਨ ਪ੍ਰਕਾਸ਼ਿਤ ਕੀਤਾ। ਇਸਦੇ ਪ੍ਰਧਾਨ ਮੋ ਘੋਨੇਮ ਨੇ ਕਿਹਾ, "ਦਿਲਜੀਤ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਸਰਹੱਦਾਂ ਅਤੇ ਪੀੜ੍ਹੀਆਂ ਵਿਚਕਾਰ ਇੱਕ ਪੁਲ ਬਣਾਇਆ ਹੈ। ਉਹ ਇਸ ਵਿਸ਼ਵਵਿਆਪੀ ਲਹਿਰ ਦਾ ਦਿਲ ਹੈ।"
ਜ਼ਬਰਦਸਤ ਹੈ ਦਿਲਜੀਤ ਦਾ ਸਫਰ
ਸੰਗੀਤ ਤੋਂ ਇਲਾਵਾ, ਦਿਲਜੀਤ ਨੇ ਜੱਟ ਐਂਡ ਜੂਲੀਅਟ, ਪੰਜਾਬ 1984, ਸੱਜਣ ਸਿੰਘ ਰੰਗਰੂਟ, ਉੜਤਾ ਪੰਜਾਬ ਅਤੇ ਗੁੱਡ ਨਿਊਜ਼ ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਹਾਲ ਹੀ ਵਿੱਚ, ਉਨ੍ਹਾਂ ਦੀ ਨੈੱਟਫਲਿਕਸ ਫਿਲਮ 'ਚਮਕੀਲਾ' ਨੂੰ ਵੀ ਬਹੁਤ ਪ੍ਰਸ਼ੰਸਾ ਮਿਲੀ, ਜਿਸ ਵਿੱਚ ਉਨ੍ਹਾਂ ਨੇ ਮਸ਼ਹੂਰ ਪੰਜਾਬੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਈ।
ਹੁਣ ਦਿਲਜੀਤ ਜਲਦੀ ਹੀ ਆਪਣੀ ਸੁਪਰਹਿੱਟ ਫਿਲਮ ਲੜੀ 'ਸਰਦਾਰ ਜੀ 3' ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਉਨ੍ਹਾਂ ਦੇ ਨਾਲ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅਤੇ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਹੋਣਗੇ। ਇਹ ਫਿਲਮ 27 ਜੂਨ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ।
- PTC NEWS