Constable Amandeep Kaur : ਰਿਮਾਂਡ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਹੀ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ
Constable Amandeep Kaur : ਆਮਦਨ ਤੋਂ ਵੱਧ ਖਰਚ ਕਰਨ ਦੇ ਮਾਮਲੇ ਵਿੱਚ ਵਿਜਲੈਂਸ ਵੱਲੋਂ ਗ੍ਰਿਫਤਾਰ ਕੀਤੀ ਗਈ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਜੁਡੀਸ਼ਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈ। ਮੰਗਲਵਾਰ ਰਾਤ ਨੂੰ ਅਮਨਦੀਪ ਕੌਰ ਨੂੰ ਪੇਟ ਵਿੱਚ ਦਰਦ ਹੋਣ ਕਰਕੇ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ’ਚ ਦਾਖਲ ਕਰਵਾਇਆ ਸੀ।
ਜਾਣਕਾਰੀ ਅਨੁਸਾਰ ਡਾਕਟਰਾਂ ਨੇ ਅਮਨਦੀਪ ਨੂੰ ਗੁਰਦੇ ਵਿੱਚ ਪਥਰੀ ਹੋਣ ਦੀ ਸ਼ਕਾਇਤ ਦੱਸੀ ਸੀ। ਸਿਵਲ ਹਸਪਤਾਲ ’ਚ ਕੋਈ ਮਾਹਿਰ ਨਾਂ ਹੋਣ ਕਰਕੇ ਅਮਨਦੀਪ ਕੌਰ ਬੁੱਧਵਾਰ ਨੂੰ ਏਮਜ਼ ਹਸਪਤਾਲ ਭੇਜਿਆ ਗਿਆ ਸੀ ਦੂਜੇ ਪਾਸੇ ਵਿਜੀਲੈਂਸ ਅਧਿਕਾਰੀਆਂ ਨੇ ਅਦਾਲਤ ਵਿੱਚ ਪੇਸ਼ ਹੋਕੇ ਦਲੀਲ ਦਿੱਤੀ ਕਿ ਪੜਤਾਲ ਮੁਕੰਮਲ ਹੋ ਗਈ ਹੈ ,ਇਸ ਲਈ ਉਹ ਅੱਜ ਹੀ ਅਮਨਦੀਪ ਨੂੰ ਪੇਸ਼ ਕਰ ਸਕਦੇ ਹਨ।
ਜਿਸ ਤੋਂ ਬਾਅਦ ਅਦਾਲਤ ਨੇ ਇੰਨ੍ਹਾਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਮਨਦੀਪ ਨੂੰ 14 ਦਿਨ ਦੀ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਆਦੇਸ਼ ਦਿੱਤੇ ਹਨ। ਅਮਨਦੀਪ ਕੌਰ ਏਮਜ਼ ਹਸਪਤਾਲ ਵਿਚੋ ਡਾਕਟਰਾਂ ਵੱਲੋਂ ਫਿੱਟ ਕਰਾਰ ਦੇਣ ਤੋਂ ਬਾਅਦ ਅਦਾਲਤੀ ਹੁਕਮਾਂ ਤਹਿਤ ਜੇਲ੍ਹ ਭੇਜਿਆ ਗਿਆ ਹੈ।
ਦੱਸਣਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਵਿਜੀਲੈਂਸ ਨੇ ਅਮਨਦੀਪ ਕੌਰ ਵਾਸੀ ਚੱਕ ਫਤਿਹ ਸਿੰਘ ਵਾਲਾ ਨੂੰ ਨਾਮਵਰ ਗਾਇਕਾ ਅਫਸਾਨਾ ਖਾਨ ਦੀ ਭੈਣ ਦੇ ਘਰੋਂ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਸੀ। ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਕਰਕੇ ਵਿਜੀਲੈਂਸ ਨੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਤਿੰਨ ਦਿਨ ਦਾ ਰਿਮਾਂਡ ਦਿੰਦਿਆਂ ਵੀਰਵਾਰ ਨੂੰ ਤਿੰਨ ਵਜੇ ਤੱਕ ਅਦਾਲਤ ਵਿੱਚ ਪੇਸ਼ ਕਰਨ ਦੀ ਹਦਾਇਤ ਦਿੱਤੀ ਸੀ। ਹਾਲਾਂਕਿ ਅਜੇ ਰਿਮਾਂਡ ਦਾ ਕਾਫੀ ਸਮਾਂ ਪਿਆ ਸੀ ਪਰ ਵਿਜੀਲੈਂਸ ਨੇ ਅਚਾਨਕ ਇਹ ਫੈਸਲਾ ਲਿਆ ਹੈ।
- PTC NEWS