ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਸਾਂਝਾ ਉਪਰਾਲਾ; ਲੋਕਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਉਲੀਕੀ ਲੰਮੇ ਅਰਸੇ ਦੀ ਯੋਜਨਾ
Punjab News : ਹੜ ਪ੍ਰਭਾਵਿਤ ਲੋਕਾਂ ਦੇ ਰਾਹਤ ਲਈ ਕੰਮ ਕਰ ਰਹੇ ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਪ੍ਰਭਾਵਿਤ ਇਲਾਕੇ ਦੇ ਲੋੜਵੰਦ ਪਰਿਵਾਰ, ਜਿਨਾਂ ਨੂੰ ਪੈਰਾਂ ਸਿਰ ਕਰਨ ਲਈ ਸਹਾਇਤਾ ਦੀ ਲੋੜ ਪਵੇਗੀ, ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਛੇ ਮਹੀਨੇ ਤੱਕ ਚੱਲਣ ਵਾਲੀ ਯੋਜਨਾਬੰਦੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਕੰਮ ਲਈ ਅਸੀਂ ਪੰਜਾਬ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ, ਜਥੇਬੰਦੀਆਂ ਅਤੇ ਹੋਰ ਦਾਨੀ ਪੁਰਸ਼ਾਂ ਦਾ ਸਾਥ ਲਵਾਂਗੇ।
ਉਹਨਾਂ ਦੱਸਿਆ ਕਿ ਹੁਣ ਤੱਕ ਚੱਲ ਰਹੇ ਰਾਹਤ ਦੇ ਕੰਮਾਂ ਵਿੱਚੋਂ ਜੋ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਉਸ ਅਨੁਸਾਰ ਕੁਝ ਅਜਿਹੇ ਪਰਿਵਾਰ ਹੜਾਂ ਨਾਲ ਪ੍ਰਭਾਵਿਤ ਹੋਏ ਹਨ, ਜਿਨਾਂ ਦੇ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ, ਘਰਾਂ ਵਿੱਚ ਪਿਆ ਸਮਾਨ ਵੀ ਤਬਾਹ ਹੋ ਗਿਆ ਹੈ । ਉਹਨਾਂ ਦੇ ਛੋਟੇ ਕਾਰੋਬਾਰ ਵੀ ਲਗਭਗ ਤਬਾਹ ਹੋ ਗਏ ਹਨ। ਇਸ ਲਈ ਅਸੀਂ ਅਜਿਹੇ ਪਰਿਵਾਰਾਂ ਦੀ ਮਦਦ ਕਰਨ ਵਾਸਤੇ "ਸਾਂਝਾ ਉਪਰਾਲਾ" ਸ਼ੁਰੂ ਕਰਨ ਜਾ ਰਹੇ ਹਾਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨੇਕ ਕੰਮ ਦੀ ਜ਼ਿੰਮੇਵਾਰੀ ਲਈ ਨੋਡਲ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਨੂੰ ਬਣਾਇਆ ਗਿਆ ਹੈ।
ਉਹਨਾਂ ਕਿਹਾ ਕਿ ਅਜਿਹੇ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਅਤੇ ਉਹਨਾਂ ਦੇ ਕਾਰੋਬਾਰ ਫਿਰ ਸਥਾਪਿਤ ਕਰਨ ਲਈ ਸਾਨੂੰ ਤਿੰਨ ਤੋਂ ਛੇ ਮਹੀਨੇ ਦਾ ਸਮਾਂ ਲੱਗੇਗਾ। ਇਸ ਲਈ ਅਸੀਂ ਹੜ ਦਾ ਪਾਣੀ ਉਤਰਨ ਉਪਰੰਤ ਇਸ ਦਾ ਵਿਸ਼ੇਸ਼ ਸਰਵੇ ਕਰਕੇ ਵਿਸਥਾਰਤ ਰਿਪੋਰਟ ਤਿਆਰ ਕਰਾਂਗੇ ਕਿ ਕਿਸ ਪਿੰਡ ਵਿੱਚ, ਕਿਸ ਵਿਅਕਤੀ ਨੂੰ ਕੀ ਲੋੜ ਹੈ।
ਉਹਨਾਂ ਦੱਸਿਆ ਕਿ ਇਸ ਅਨੁਸਾਰ ਅਸੀਂ ਪੰਜਾਬ ਸਰਕਾਰ ਦੇ ਨਾਲ ਨਾਲ ਹੋਰ ਸੰਸਥਾਵਾਂ ਦਾ ਸਾਥ ਲੈ ਕੇ ਇਹਨਾਂ ਪੀੜਤ ਪਰਿਵਾਰਾਂ ਨੂੰ ਮੁੜ ਪੈਰਾਂ ਸਿਰ ਕਰਾਂਗੇ। ਉਹਨਾਂ ਕਿਹਾ ਕਿ ਇਸ ਕੰਮ ਵਿੱਚ ਸਾਥ ਦੇਣ ਵਾਲੀਆਂ ਸੰਸਥਾਵਾਂ ਜ਼ਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ ਦੇ ਈਮੇਲ dproamritsar3@gmail.com ਜ਼ਰੀਏ ਸਾਡੇ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : Punjab School News : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕਦੋਂ ਤੋਂ ਖੁੱਲ੍ਹਣਗੇ ਸਕੂਲ, ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਹਦਾਇਤਾਂ
- PTC NEWS