Machiwara Sahib News : ਸਕੂਲ ਵੈਨ ਹੇਠਾਂ ਆਉਣ ਕਾਰਨ ਪਾਲਤੂ ਕੁੱਤੇ ਦੀ ਮੌਤ ,ਭੜਕੇ ਪਰਿਵਾਰ ਨੇ ਬਜ਼ੁਰਗ ਡਰਾਇਵਰ ਨਾਲ ਕੀਤੀ ਕੁੱਟਮਾਰ
Machiwara Sahib News : ਮਾਛੀਵਾੜਾ ਸਾਹਿਬ 'ਚ ਅੱਜ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਵੈਨ ਹੇਠਾਂ ਆਉਣ ਕਾਰਨ ਪਾਲਤੂ ਕੁੱਤੇ ਦੀ ਮੌਤ ਹੋ ਗਈ ਹੈ। ਜਿਸ ਕਾਰਨ ਭੜਕੇ ਪਰਿਵਾਰ ਦੇ ਨੌਜਵਾਨਾਂ ਨੇ ਬਜ਼ੁਰਗ ਡਰਾਇਵਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਜਿਸ ਦੀ ਕੁੱਟਮਾਰ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਈਰਲ ਹੋ ਗਈ। ਜਿਸ ਤੋਂ ਬਾਅਦ ਜਖ਼ਮੀ ਬਜ਼ੁਰਗ ਹੋਏ ਡਰਾਇਵਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਹਸਪਤਾਲ ਵਿਚ ਜਖ਼ਮੀ ਬਜ਼ੁਰਗ ਡਰਾਇਵਰ ਦੀਦਾਰ ਸਿੰਘ ਕੁੱਟਮਾਰ ਕਾਰਨ ਬਿਆਨ ਦੇਣ ਤੋਂ ਵੀ ਅਸਮਰੱਥ ਸੀ। ਉਸਦੇ ਪਰਿਵਾਰਕ ਮੈਂਬਰਾਂ ਅਤੇ ਬੱਸ ’ਤੇ ਮੌਜੂਦ ਕੰਡਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਸਕੂਲ ਵੈਨ ਰਾਹੀਂ ਬੱਚਿਆਂ ਨੂੰ ਲੈਣ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਪੈਂਦੇ ਪਿੰਡ ਮਾਛੀਵਾੜਾ ਖਾਮ ਨੇੜ੍ਹੇ ਅਚਾਨਕ ਇੱਕ ਪਾਲਤੂ ਕੁੱਤਾ (ਜਿਸਦੇ ਗਲ ਵਿਚ ਪਟਾ ਤੇ ਸੰਗਲੀ ਨਹੀਂ ਸੀ) ਵੈਨ ਅੱਗੇ ਆ ਗਿਆ।
ਬੱਸ ਚਾਲਕ ਦੀਦਾਰ ਸਿੰਘ ਵਲੋਂ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਜੇਕਰ ਇੱਕਦਮ ਬਰੇਕ ਲਗਾ ਦਿੰਦੇ ਤਾਂ ਬੱਚਿਆਂ ਨੂੰ ਵੀ ਸੱਟਾਂ ਲੱਗ ਸਕਦੀਆਂ ਸਨ। ਇਸ ਹਾਦਸੇ ਵਿਚ ਕੁੱਤੇ ਦੀ ਵੈਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਕੰਡਕਟਰ ਅਨੁਸਾਰ ਜਦੋਂ ਉਹ ਅਗਲੇ ਪਿੰਡ ਬੱਚਿਆਂ ਨੂੰ ਵੈਨ ਵਿਚ ਬਿਠਾ ਰਹੇ ਸਨ ਤਾਂ ਤਿੰਨ ਨੌਜਵਾਨਾਂ ਨੇ ਆ ਕੇ ਬੱਸ ਨੂੰ ਘੇਰ ਲਿਆ ਅਤੇ ਬੱਚਿਆਂ ਨਾਲ ਭਰੀ ਵੈਨ ਦੇ ਸੀਸ਼ਿਆਂ ’ਤੇ ਡਾਂਗਾ ਮਾਰੀਆਂ ,ਜਿਸ ਕਾਰਨ ਉਨ੍ਹਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਨੌਜਵਾਨਾਂ ਨੇ ਵੈਨ ਦੀ ਚਾਬੀ ਖੋਹ ਲਈ ਅਤੇ ਬਜ਼ੁਰਗ ਡਰਾਇਵਰ ਨੂੰ ਹੇਠਾਂ ਉਤਾਰ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਹਸਪਤਾਲ ਵਿਚ ਇਲਾਜ ਅਧੀਨ ਬਜ਼ੁਰਗ ਦੀਦਾਰ ਸਿੰਘ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ ,ਜਿਸ ਤੋਂ ਪਤਾ ਲੱਗਦਾ ਹੈ ਕਿ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਪੀੜ੍ਹਤ ਡਰਾਇਵਰ ਦੇ ਪਰਿਵਾਰਕ ਮੈਂਬਰਾਂ ਨੇ ਆਰੋਪ ਲਗਾਇਆ ਕਿ ਬਜ਼ੁਰਗ ਦੀ ਹੱਥੋਪਾਈ ਦੌਰਾਨ ਪੱਗ ਵੀ ਲਾਹੀ ਗਈ। ਇਸ ਲਈ ਕਥਿਤ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੌਕੇ ’ਤੇ ਮੌਜੂਦ ਲੋਕਾਂ ਵਲੋਂ ਬਜ਼ੁਰਗ ਨਾਲ ਹੋਈ ਕੁੱਟਮਾਰ ਦੀ ਵੀਡੀਓ ਬਣਾ ਲਈ ਗਈ ਜੋ ਕਿ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਈਰਲ ਹੋ ਰਹੀ ਹੈ।
- PTC NEWS