ਭਾਰਤ 'ਚ ਪਹਿਲੀ ਵਾਰ ਹੋਈ ਕੁੱਤੇ ਦੀ Heart Surgery, ਦਿੱਲੀ ਦੇ ਡਾਕਟਰ ਨੇ ਕੀਤਾ ਕਮਾਲ
Dog Heart Surgery : ਰਾਜਧਾਨੀ ਦਿੱਲੀ ਵਿੱਚ 'ਈਸਟ ਆਫ ਕੈਲਾਸ਼' ਦੇ ਮੈਕਸ ਪੇਟਜ਼ ਕੇਅਰ ਹਸਪਤਾਲ (Max Petz Care Hospital) ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਇੱਕ ਡਾਕਟਰ ਨੇ ਇੱਕ ਕੁੱਤੇ ਦਾ ਇਲਾਜ ਕਰਕੇ ਅਜਿਹਾ ਚਮਤਕਾਰ ਕਰ ਦਿਖਾਇਆ ਹੈ, ਜੋ ਅੱਜ ਤੱਕ ਭਾਰਤ ਦੇ ਕਿਸੇ ਹੋਰ ਹਸਪਤਾਲ ਵਿੱਚ ਨਹੀਂ ਹੋਇਆ। ਦਰਅਸਲ ਹਸਪਤਾਲ ਦੇ ਡਾਕਟਰਾਂ ਨੇ ਕੁੱਤੇ ਦੀ ਹਾਰਟ ਸਰਜਰੀ (Heart Surgery) ਕੀਤੀ ਹੈ, ਜੋ ਕਿ ਭਾਰਤ ਵਿੱਚ ਜਾਨਵਰਾਂ ਦੇ ਇਲਾਜ ਵਿੱਚ ਹੈਰਾਨੀਜਨਕ ਤੇ ਅਨੋਖਾ ਮਾਮਲਾ ਹੈ।
ਇਹ ਸਰਜਰੀ ਕਾਰਡੀਓਲੋਜਿਸਟ ਡਾਕਟਰ ਭਾਨੂ ਦੇਵ ਸ਼ਰਮਾ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 16 ਸਾਲਾਂ ਤੋਂ ਇਸ ਖੇਤਰ ਵਿੱਚ ਜਾਨਵਰਾਂ ਦੇ ਇਲਾਜ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਦਾ ਬੀਗਲ ਜੂਲੀਅਟ ਨਾਂ ਦਾ ਕੁੱਤਾ ਪਿਛਲੇ ਦੋ ਸਾਲਾਂ ਤੋਂ ਮਾਈਟਰਲ ਵਾਲਵ ਦੀ ਬੀਮਾਰੀ ਤੋਂ ਪੀੜਤ ਸੀ। ਇਹ ਸਥਿਤੀ ਜਾਨਵਰਾਂ ਵਿੱਚ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਮਿਟ੍ਰਲ ਵਾਲਵ ਲੀਫਲੇਟਸ ਵਿੱਚ ਅੰਦਰੂਨੀ ਤਬਦੀਲੀਆਂ ਹੁੰਦੀਆਂ ਹਨ, ਜਿਸ ਕਾਰਨ ਦਿਲ ਦੇ ਖੱਬੇ ਪਾਸੇ ਬਲਾਕੇਜ ਹੋਣ ਲੱਗਦੇ ਹਨ। ਪਰ ਇਸ ਸਰਜਰੀ ਤੋਂ ਬਾਅਦ ਦਿਲ ਦੇ ਅੰਦਰ ਖੂਨ ਦਾ ਸੰਚਾਰ ਫਿਰ ਤੋਂ ਬਹਾਲ ਹੋ ਜਾਂਦਾ ਹੈ। ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਇਲਾਜ ਨਾ ਕੀਤਾ ਜਾਵੇ ਤਾਂ ਦਿਲ ਦੇ ਫੇਲ੍ਹ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਜਿਸ ਕਾਰਨ ਕੁੱਤਿਆਂ ਦੀ ਮੌਤ ਹੋ ਸਕਦੀ ਹੈ। ਇਸ ਤਰ੍ਹਾਂ ਦੀ ਬਿਮਾਰੀ ਛੋਟੀ ਨਸਲ ਦੇ ਕੁੱਤਿਆਂ ਵਿੱਚ ਦੇਖਣ ਨੂੰ ਮਿਲਦੀ ਹੈ।
ਜਾਣੋ ਕੀ ਹੁੰਦੀ ਹੈ ਇਹ ਸਰਜਰੀ
ਡਾ. ਸ਼ਰਮਾ ਨੇ ਸਰਜਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਖੋਜ ਚੀਨ ਦੇ ਸ਼ੰਘਾਈ ਵਿੱਚ ਇੱਕ ਸਿਖਲਾਈ ਕੇਂਦਰ ਵਿੱਚ ਕੀਤੀ ਗਈ ਸੀ, ਜਿਸ ਵਿੱਚ ਕਈ ਡਾਕਟਰ ਸ਼ਾਮਲ ਸਨ। ਇਸ ਤੋਂ ਬਾਅਦ ਇਹ ਸਰਜਰੀ ਪਹਿਲੀ ਵਾਰ 2 ਸਾਲ ਪਹਿਲਾਂ ਅਮਰੀਕਾ ਦੀ ਕੋਲੋਰਾਡੋ ਸਟੇਟ ਯੂਨੀਵਰਸਿਟੀ 'ਚ ਕੀਤੀ ਗਈ ਸੀ। ਹੁਣ ਭਾਰਤ ਵਿੱਚ ਪਹਿਲੀ ਵਾਰ ਇਹ ਸਰਜਰੀ ਸਫ਼ਲਤਾਪੂਰਵਕ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿੱਜੀ ਹਸਪਤਾਲਾਂ ਵਿੱਚ ਦੇਖਿਆ ਜਾਵੇ ਤਾਂ ਇਹ ਏਸ਼ੀਆ ਵਿੱਚ ਪਹਿਲੀ ਸਰਜਰੀ ਹੈ। ਇਸ 'ਚ ਆਪਰੇਸ਼ਨ ਕਰਨ ਲਈ ਛਾਤੀ 'ਤੇ ਛੋਟਾ ਜਿਹਾ ਚੀਰਾ ਲਗਾਇਆ ਜਾਂਦਾ ਹੈ, ਜਿਸ ਤੋਂ ਬਾਅਦ ਕੈਥੀਟਰ ਰਾਹੀਂ ਦੋ ਪਾਈਪਾਂ ਪਾਈਆਂ ਜਾਂਦੀਆਂ ਹਨ। ਇਹ ਵਾਲਵ ਵਿੱਚ ਲੀਕੇਜ ਨੂੰ ਘਟਾਉਣ ਲਈ ਕੀਤਾ ਜਾਂਦਾ ਹੈ। ਨਾਲ ਹੀ ਬਿਮਾਰ ਮਾਈਟਰਲ ਵਾਲਵ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ। ਸਰਜਰੀ ਦੇ ਖਰਚੇ ਬਾਰੇ ਉਨ੍ਹਾਂ ਦੱਸਿਆ ਕਿ ਇਹ ਸਰਜਰੀ 8 ਤੋਂ 10 ਲੱਖ ਰੁਪਏ ਵਿੱਚ ਪੂਰੀ ਹੁੰਦੀ ਹੈ।
- PTC NEWS