Rohingya Muslims : ਬੰਗਲਾਦੇਸ਼ ਭੱਜ ਰਹੇ ਰੋਹਿੰਗਿਆ 'ਤੇ ਮਿਆਂਮਾਰ 'ਚ ਡਰੋਨ ਹਮਲਾ, 200 ਦੇ ਕਰੀਬ ਲੋਕਾਂ ਦੀ ਮੌਤ
Rohingya Muslims : ਬੰਗਲਾਦੇਸ਼ 'ਚ ਇਨ੍ਹੀਂ ਦਿਨੀਂ ਹਿੰਸਕ ਪ੍ਰਦਰਸ਼ਨਾਂ ਕਾਰਨ ਕਾਫੀ ਗੜਬੜ ਹੈ, ਹਾਲਾਂਕਿ ਇਸ ਦੇ ਬਾਵਜੂਦ ਮਿਆਂਮਾਰ ਦੇ ਕਈ ਰੋਹਿੰਗਿਆ ਮੁਸਲਮਾਨ ਸਰਹੱਦ ਪਾਰ ਕਰਕੇ ਬੰਗਲਾਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਮਿਆਂਮਾਰ ਤੋਂ ਭੱਜ ਰਹੇ ਰੋਹਿੰਗਿਆ ਮੁਸਲਮਾਨਾਂ ਦੇ ਅਜਿਹੇ ਹੀ ਇੱਕ ਸਮੂਹ 'ਤੇ ਸਰਹੱਦ ਨੇੜੇ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਡਰੋਨ ਹਮਲੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕਰੀਬ 200 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਚਾਰ ਚਸ਼ਮਦੀਦਾਂ, ਕਾਰਕੁਨਾਂ ਅਤੇ ਇੱਕ ਡਿਪਲੋਮੈਟ ਨੇ ਇਨ੍ਹਾਂ ਡਰੋਨ ਹਮਲਿਆਂ ਬਾਰੇ ਦੱਸਿਆ, ਜਿਸ ਵਿੱਚ ਬੰਗਲਾਦੇਸ਼ ਦੀ ਸਰਹੱਦ ਪਾਰ ਕਰਨ ਦੀ ਉਡੀਕ ਕਰ ਰਹੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕਈ ਚਸ਼ਮਦੀਦਾਂ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਲੋਕ ਆਪਣੇ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਦੀ ਪਛਾਣ ਕਰਨ ਲਈ ਲਾਸ਼ਾਂ ਦੇ ਢੇਰਾਂ ਵਿਚਕਾਰ ਭਟਕ ਰਹੇ ਸਨ।
ਰਿਪੋਰਟ ਮੁਤਾਬਕ ਇਹ ਹਮਲਾ ਹਾਲ ਦੇ ਹਫਤਿਆਂ 'ਚ ਫੌਜੀ ਜੰਟਾ ਦੇ ਫੌਜੀਆਂ ਅਤੇ ਬਾਗੀਆਂ ਵਿਚਾਲੇ ਸੰਘਰਸ਼ ਦੌਰਾਨ ਰਖਾਇਨ ਸੂਬੇ 'ਚ ਨਾਗਰਿਕਾਂ 'ਤੇ ਹੋਇਆ ਸਭ ਤੋਂ ਘਾਤਕ ਹਮਲਾ ਹੈ। ਰਾਇਟਰਜ਼ ਨੇ ਤਿੰਨ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਪਿੱਛੇ ਅਰਾਕਾਨ ਆਰਮੀ ਦਾ ਹੱਥ ਸੀ, ਹਾਲਾਂਕਿ ਸਮੂਹ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮਿਆਂਮਾਰ ਦੀ ਫੌਜ ਅਤੇ ਮਿਲੀਸ਼ੀਆ ਨੇ ਇਕ ਦੂਜੇ 'ਤੇ ਹਮਲੇ ਦਾ ਦੋਸ਼ ਲਗਾਇਆ ਹੈ।
ਚਾਰੇ ਪਾਸੇ ਖਿੱਲਰੀਆਂ ਨਜ਼ਰ ਆਈਆਂ ਲਾਸ਼ਾਂ
ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਚਿੱਕੜ ਵਾਲੇ ਖੇਤ 'ਚ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਉਨ੍ਹਾਂ ਦੇ ਸੂਟਕੇਸ ਅਤੇ ਬੈਕਪੈਕ ਉਨ੍ਹਾਂ ਦੇ ਆਲੇ-ਦੁਆਲੇ ਖਿੱਲਰੇ ਪਏ ਸਨ। ਤਿੰਨ ਲੋਕਾਂ ਨੇ ਕਿਹਾ ਕਿ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਚਸ਼ਮਦੀਦ ਨੇ ਕਿਹਾ ਕਿ ਉਸ ਨੇ ਘੱਟੋ-ਘੱਟ 70 ਲਾਸ਼ਾਂ ਦੇਖੀਆਂ ਹਨ।
ਇਹ ਵੀ ਪੜ੍ਹੋ : Punjab Weather : ਪੰਜਾਬ ਦੇ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ, ਜਾਣੋ ਚੰਡੀਗੜ੍ਹ ਦਾ ਮੌਸਮ
- PTC NEWS