Amritsar ’ਚ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼; ਪੁਲਿਸ ਵੱਲੋਂ 3 ਕਿਲੋ 29 ਗ੍ਰਾਮ ਹੈਰੋਇਨ ਸਣੇ ਮੁਲਜਮ ਗ੍ਰਿਫਤਾਰ
Amritsar News : ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਲੋਪੋਕੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ 3 ਕਿਲੋ 29 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਨੂਰਪੁਰ ਵਾਸੀ ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 61 ਅਤੇ 85 ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅੰਮ੍ਰਿਤਸਰ ’ਚ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼
ਪੁਲਿਸ ਮੁਤਾਬਕ ਟੀਮ ਨਿਯਮਤ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਦੌਰਾਨ ਮੇਨ ਜੀਟੀ ਰੋਡ 'ਤੇ ਮੌਜੂਦ ਸੀ। ਇਸ ਦੌਰਾਨ ਇੱਕ ਭਰੋਸੇਯੋਗ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਹਰਪ੍ਰੀਤ ਸਿੰਘ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਹੈ। ਸੂਚਨਾ ਅਨੁਸਾਰ ਉਹ ਅਟਾਰੀ ਸਰਹੱਦੀ ਖੇਤਰ ਰਾਹੀਂ ਡਰੋਨ ਅਤੇ ਹੋਰ ਤਰੀਕਿਆਂ ਨਾਲ ਭੇਜੀਆਂ ਜਾ ਰਹੀਆਂ ਹੈਰੋਇਨ ਦੀਆਂ ਖੇਪਾਂ ਨਾਲ ਜੁੜਿਆ ਹੋਇਆ ਹੈ।
3 ਕਿਲੋ 29 ਗ੍ਰਾਮ ਹੈਰੋਇਨ ਸਣੇ ਮੁਲਜਮ ਗ੍ਰਿਫਤਾਰ
ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਮੁਲਜ਼ਮ ਦੇ ਕਬਜ਼ੇ ਵਿੱਚੋਂ 3 ਕਿਲੋ 29 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ ਇੱਕ ਮੋਟਰਸਾਈਕਲ, ਇੱਕ ਮੋਬਾਈਲ ਫੋਨ ਅਤੇ 1,000 ਰੁਪਏ ਭਾਰਤੀ ਕਰੰਸੀ ਵੀ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ।
ਫਿਲਹਾਲ ਪੁਲਿਸ ਪੂਰੇ ਨਸ਼ਾ ਤਸਕਰੀ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਦੇ ਹੋਰ ਕਿਹੜੇ ਲੋਕਾਂ ਨਾਲ ਸੰਪਰਕ ਸਨ, ਪਾਕਿਸਤਾਨੀ ਤਸਕਰਾਂ ਨਾਲ ਉਸਦਾ ਰਾਬਤਾ ਕਿਵੇਂ ਬਣਿਆ ਅਤੇ ਉਹ ਹੁਣ ਤੱਕ ਡਰੋਨ ਰਾਹੀਂ ਭੇਜੀਆਂ ਗਈਆਂ ਹੈਰੋਇਨ ਦੀਆਂ ਖੇਪਾਂ ਦੀ ਸਪਲਾਈ ਵਿੱਚ ਕਿੰਨੀ ਵਾਰ ਸ਼ਾਮਲ ਰਿਹਾ। ਇਸ ਮਾਮਲੇ ਵਿੱਚ ਹੋਰ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ।
ਹਰਪ੍ਰੀਤ ਦੇ ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
ਪੁਲਿਸ ਦਾ ਕਹਿਣਾ ਹੈ ਕਿ ਸਰਹੱਦ ਪਾਰ ਤੋਂ ਹੋ ਰਹੀ ਨਸ਼ਾ ਤਸਕਰੀ ਨੂੰ ਰੋਕਣ ਲਈ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਇਸ ਨੈੱਟਵਰਕ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : Amritpal Singh Sukhanand : ਬਾਘਾਪੁਰਾਣਾ ਤੋਂ AAP ਵਿਧਾਇਕ ਦੇ ਵਿਗੜੇ ਬੋਲ ! ਮੀਰੀ ਪੀਰੀ ਖਾਲਸਾ ਮਾਰਚ ਨੂੰ ਦੱਸਿਆ 'ਰੋਡ ਸ਼ੋਅ'
- PTC NEWS