Ram Mandir Scam ਤੋਂ ਬਾਅਦ ਹੁਣ ਪੰਜਾਬ ਦੇ ਇਸ ਪ੍ਰਸਿੱਧ ਮੰਦਿਰ ਦੀ ਗੋਲਕ ਟੁੱਟੀ ! Video ਹੋ ਰਹੀ ਵਾਇਰਲ
Shri Durgiana Mandir Video : ਅਯੋਧਿਆ ਦੇ ਰਾਮ ਮੰਦਰ ਵਿੱਚ ਗੋਲਕ ਨਾਲ ਜੁੜੇ ਵਿਵਾਦ (Ram Mandir Scam) ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਤੀਰਥ ਮੰਦਰ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਨੇ ਹਿੰਦੂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅੰਮ੍ਰਿਤਸਰ ਸ਼੍ਰੀ ਸ਼੍ਰੀ 1008 ਜਗਤ ਗੁਰੂ ਸੁਆਮੀ ਅਸ਼ਨੀਲ ਜੀ ਮਹਾਰਾਜ, ਕਾਲੀ ਸੈਨਾ ਦੇ ਰਾਸ਼ਟਰੀ ਉਪ ਪ੍ਰਧਾਨ (ਹਰਿਦੁਆਰ) ਨੇ ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਤੀਰਥ ਮੰਦਰ ਨਾਲ ਜੁੜੀ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਮੰਦਰ ਪ੍ਰਬੰਧਨ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕੀਤੇ ਹਨ।
ਵਾਇਰਲ ਵੀਡੀਓ 'ਚ ਕੀ ਵਿਖਾਈ ਦੇ ਰਿਹਾ ?
ਸੁਆਮੀ ਅਸ਼ਨੀਲ ਜੀ ਮਹਾਰਾਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੀ ਇਹ ਵੀਡੀਓ ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਹੋਈ ਹੈ, ਜਿਸ ਵਿੱਚ ਸ਼੍ਰੀ ਦੁਰਗਿਆਣਾ ਤੀਰਥ ਦੇ ਸ੍ਰੀ ਸਤਿਨਾਰਾਇਣ ਮੰਦਰ ਦੀ ਪਰਿਕਰਮਾ ਅੰਦਰ ਸਥਿਤ ਗੋਲਕ ਟੁੱਟੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਹਨੂਮਾਨ ਜੀ ਦੇ ਮੰਦਿਰ ਦਾ ਸ਼ੀਸ਼ਾ ਵੀ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਸਥਾਨ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਚੜ੍ਹਾਵਾ ਭੇਟ ਕਰਦੇ ਹਨ। ਅਜਿਹੇ ਪਵਿੱਤਰ ਸਥਾਨ 'ਤੇ ਇਸ ਤਰ੍ਹਾਂ ਦੀ ਘਟਨਾ ਬਹੁਤ ਹੀ ਦੁੱਖਦਾਈ ਅਤੇ ਨਿੰਦਣਯੋਗ ਹੈ।
ਮੰਦਿਰ ਦੇ ਵਿਹੜੇ 'ਚ ਲੱਗੇ ਹਨ ਸੀਸੀਟੀਵੀ
ਉਨ੍ਹਾਂ ਕਿਹਾ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੰਦਿਰ ਦੇ ਵਿਹੜੇ ਵਿੱਚ ਆਧੁਨਿਕ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਚੋਰ ਆਸਾਨੀ ਨਾਲ ਗੋਲਕ ਤੋੜ ਕੇ ਫ਼ਰਾਰ ਹੋ ਗਏ। ਉਨ੍ਹਾਂ ਸਵਾਲ ਕੀਤਾ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਵੇਲੇ ਡਿਊਟੀ 'ਤੇ ਤਾਇਨਾਤ ਸੁਰੱਖਿਆ ਕਰਮਚਾਰੀ ਕਿੱਥੇ ਸਨ? ਸੀਸੀਟੀਵੀ ਦੀ ਨਿਗਰਾਨੀ ਕਰਨ ਵਾਲੇ ਕਰਮਚਾਰੀ ਕੀ ਕਰ ਰਹੇ ਸਨ? ਜੇਕਰ ਸੁਰੱਖਿਆ ਪ੍ਰਬੰਧ ਸਹੀ ਢੰਗ ਨਾਲ ਕੰਮ ਕਰ ਰਹੇ ਹੁੰਦੇ ਤਾਂ ਇਹ ਘਟਨਾ ਕਿਵੇਂ ਵਾਪਰ ਸਕਦੀ ਸੀ।
ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ
ਸੁਆਮੀ ਅਸ਼ਨੀਲ ਜੀ ਮਹਾਰਾਜ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਮੰਦਰ ਪ੍ਰਬੰਧਨ ਨਾਲ ਵੀ ਗੱਲਬਾਤ ਹੋਈ ਹੈ। ਉਨ੍ਹਾਂ ਮੁਤਾਬਕ ਪ੍ਰਬੰਧਕਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਨੇ ਮੰਦਰ ਵਿੱਚ ਚੋਰੀ ਕਰਕੇ ਧਾਰਮਿਕ ਸਥਾਨ ਦੀ ਬੇਅਦਬੀ ਕੀਤੀ ਹੈ, ਉਨ੍ਹਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਸੁਰੱਖਿਆ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਭੂਮਿਕਾ ਦੀ ਜਾਂਚ ਦੀ ਮੰਗ
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਿਰਫ਼ ਚੋਰਾਂ ਨੂੰ ਹੀ ਗ੍ਰਿਫ਼ਤਾਰ ਕਰਨਾ ਕਾਫ਼ੀ ਨਹੀਂ, ਸਗੋਂ ਉਸ ਦਿਨ ਡਿਊਟੀ 'ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਅਤੇ ਨਿਗਰਾਨੀ ਦੀ ਜ਼ਿੰਮੇਵਾਰੀ ਨਿਭਾ ਰਹੇ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਜਾਂਚ ਦੌਰਾਨ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ... ਬਾਘਾਪੁਰਾਣਾ ਤੋਂ AAP ਵਿਧਾਇਕ ਦੇ ਵਿਗੜੇ ਬੋਲ ! ਮੀਰੀ ਪੀਰੀ ਖਾਲਸਾ ਮਾਰਚ ਨੂੰ ਦੱਸਿਆ 'ਰੋਡ ਸ਼ੋਅ'
- PTC NEWS