Punjab Floods : ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਦਿੱਲੀ ਕਮੇਟੀ , ਡੇਰਾ ਬਾਬਾ ਨਾਨਕ ਅਤੇ ਅਜਨਾਲਾ 'ਚ ਲਗਾਏ ਰਾਹਤ ਕੈਂਪ
Punjab Floods : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਹੜ ਪੀੜਤਾਂ ਦੇ ਲਈ ਅਜਨਾਲਾ ਅਤੇ ਡੇਰਾ ਬਾਬਾ ਨਾਨਕ ਵਿੱਚ ਦੋ ਜਗ੍ਹਾ 'ਤੇ ਸਹਾਇਤਾ ਕੈਂਪ ਲਗਾਏ ਗਏ ਹਨ। ਜਿੱਥੇ ਹੜ ਪੀੜਤਾਂ ਨੂੰ ਖਾਣ ਪੀਣ ਦੀ ਸਮਗਰੀ ਤੋਂ ਇਲਾਵਾ ਕੱਪੜੇ ਵੀ ਦਿੱਤੇ ਜਾ ਰਹੇ ਹਨ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਅਜਨਾਲਾ ਵਿਖੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ਗਈ।
ਇਸ ਮੌਕੇ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਹੜ ਪ੍ਰਭਾਵਿਤ ਲੋਕਾਂ ਲਈ ਦਿੱਲੀ ਕਮੇਟੀ ਵੱਲੋਂ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਵਿੱਚ ਦੋ ਜਗ੍ਹਾ 'ਤੇ ਕੈਂਪ ਲਗਾਏ ਗਏ ਹਨ ਅਤੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਉਹ ਉਹਨਾਂ ਵੱਲੋਂ ਹੁਣ ਹੜ ਪੀੜਤਾਂ ਲਈ ਟਰੈਕਿੰਗ ਸੂਟ ਵੀ ਦਿੱਤੇ ਜਾ ਰਹੇ ਹਨ।
ਇਸ ਮੌਕੇ ਉਹਨਾਂ ਰਾਮ ਰਹੀਮ ਵੱਲੋਂ ਲਗਾਏ ਗਏ ਲੰਗਰ ਨੂੰ ਮਾਝੇ ਦੇ ਲੋਕਾਂ ਵੱਲੋਂ ਨਕਾਰੇ ਜਾਣ ਦੀ ਪ੍ਰਸ਼ੰਸਾ ਵੀ ਕੀਤੀ। ਉਹਨਾਂ ਕਿਹਾ ਕਿ ਜਿਸ ਬੰਦੇ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੈ ਤਾਂ ਉਸ ਦਿਨ ਉਸ ਨੂੰ ਨਕਾਰ ਦੇਣਾ ਹੀ ਵਧੀਆਂ ਹੈ। ਇਸ ਮੌਕੇ ਉਹਨਾਂ ਕੇਂਦਰ ਸਰਕਾਰ ਕੋਲੋਂ ਪੰਜਾਬ ਲਈ ਸਪੈਸਲ ਪੈਕਜ ਮੰਗਣ ਦੀ ਮੰਗ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਇਹਨਾਂ ਹੜਾਂ ਦੇ ਲਈ ਨਜਾਇਜ਼ ਮਾਈਨਿੰਗ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ।
ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਜਾਰੀ
ਦੱਸ ਦੇਈਏ ਕਿ ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ। ਇਸ ਦੌਰਾਨ ਮੌਸਮ ਵਿਗਿਆਨ ਕੇਂਦਰ ਨੇ ਪੂਰੇ ਸੂਬੇ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਲੁਧਿਆਣਾ ਵਿੱਚ ਸਵੇਰ ਤੋਂ ਹੀ ਭਾਰੀ ਬਾਰਿਸ਼ ਜਾਰੀ ਹੈ। ਲੁਧਿਆਣਾ ਦੇ ਸਸਰਾਲੀ ਪਿੰਡ ਵਿੱਚ ਧੁੱਸੀ ਬੰਨ੍ਹ ਦੀ ਮਿੱਟੀ ਖਿਸਕਣ ਕਾਰਨ ਸਤਲੁਜ ਦਰਿਆ ਦਾ ਪਾਣੀ ਖੇਤਾਂ ਵਿੱਚ ਵਹਿ ਰਿਹਾ ਹੈ। ਇਸ ਤੋਂ ਬਾਅਦ ਫੌਜ ਨੂੰ ਬੁਲਾਇਆ ਗਿਆ। ਹੁਣ ਤੱਕ ਫੌਜ ਅਤੇ ਪ੍ਰਸ਼ਾਸਨ ਬੰਨ੍ਹ ਨੂੰ ਬਚਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ।
ਅੰਮ੍ਰਿਤਸਰ ਦੇ ਰਮਦਾਸ ਵਿੱਚ ਰਾਵੀ ਦਰਿਆ ਕਾਰਨ ਟੁੱਟੇ 8 ਧੁੱਸੀ ਬੰਨ੍ਹਾਂ ਨੂੰ ਭਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ, ਜਦੋਂ ਕਿ 5 ਬੰਨ੍ਹਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ ਹੈ। ਪਠਾਨਕੋਟ ਤੋਂ ਤਰਨਤਾਰਨ ਤੱਕ ਰਾਵੀ ਦੇ ਪਾਣੀ ਦਾ ਪੱਧਰ ਘੱਟ ਗਿਆ ਹੈ। ਭਾਖੜਾ ਬੰਨ੍ਹ ਦਾ ਪਾਣੀ ਦਾ ਪੱਧਰ ਸ਼ੁੱਕਰਵਾਰ ਰਾਤ 9 ਵਜੇ 1678.40 ਫੁੱਟ ਦਰਜ ਕੀਤਾ ਗਿਆ ਸੀ, ਜੋ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ ਡੇਢ ਫੁੱਟ ਹੇਠਾਂ ਹੈ।
ਭਾਖੜਾ ਵਿੱਚ ਘੱਟ ਪਾਣੀ ਆਉਣ ਕਾਰਨ ਇਹ ਕਮੀ ਦੇਖੀ ਗਈ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਭਾਖੜਾ ਤੋਂ ਲਗਭਗ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਵਿੱਚੋਂ ਸਤਲੁਜ ਵਿੱਚ ਸਿਰਫ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਰੂਪਨਗਰ ਤੋਂ ਲੁਧਿਆਣਾ ਅਤੇ ਇਸ ਤੋਂ ਅੱਗੇ ਹਰੀਕੇ ਹੈੱਡਵਰਕਸ ਤੱਕ ਦੇਖਿਆ ਜਾ ਰਿਹਾ ਹੈ।
- PTC NEWS