Sun, Apr 28, 2024
Whatsapp

ਦੁਬਈ 'ਚ ਪੰਜਾਬੀ ਨੌਜਵਾਨ ਨੂੰ ਗੋਲੀ ਮਾਰਨ ਦੇ ਹੁਕਮ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

Written by  KRISHAN KUMAR SHARMA -- January 18th 2024 12:18 PM
ਦੁਬਈ 'ਚ ਪੰਜਾਬੀ ਨੌਜਵਾਨ ਨੂੰ ਗੋਲੀ ਮਾਰਨ ਦੇ ਹੁਕਮ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਦੁਬਈ 'ਚ ਪੰਜਾਬੀ ਨੌਜਵਾਨ ਨੂੰ ਗੋਲੀ ਮਾਰਨ ਦੇ ਹੁਕਮ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਖਬਰ ਹੁਸ਼ਿਆਰਪੁਰ (hoshiarpur) ਦੇ ਬਲਾਕ ਮਾਹਿਲਪੁਰ ਅਧੀਨ ਆਉਂਦੇ ਪਿੰਡ ਸਰਹਾਲਾ ਕਲਾਂ ਤੋਂ ਹੈ, ਜਿੱਥੋਂ ਦੇ ਇੱਕ 24 ਸਾਲਾ ਨੌਜਵਾਨ ਨੂੰ ਦੁਬਈ 'ਚ ਆਬੂਧਾਬੀ ਪੁਲਿਸ (abudhabi police) ਵਲੋਂ ਇੱਕ ਪਾਕਿਸਤਾਨੀ ਵਿਅਕਤੀ ਦੇ ਕਤਲ ਮਾਮਲੇ 'ਚ ਫੜਿਆ ਗਿਆ ਹੈ। ਵੀਰਵਾਰ ਜਿਵੇਂ ਹੀ ਜੇਲ੍ਹ 'ਚ ਬੰਦ ਚਰਨਜੀਤ ਸਿੰਘ ਦਾ ਮਾਪਿਆਂ ਨੂੰ ਫੋਨ ਆਇਆ ਤਾਂ ਉਸ ਨੇ ਕੰਬਣੀ ਛੇੜ ਦਿੱਤੀ ਕਿਉਂਕਿ ਦੁਬਈ (dubai) ਦੀ ਅਦਾਲਤ ਵੱਲੋਂ ਉਸ ਨੂੰ ਗੋਲੀ ਮਾਰਨ ਦੇ ਹੁਕਮ ਸੁਣਾਏ ਗਏ ਹਨ, ਜਿਸ ਪਿੱਛੋਂ ਆਪਣੇ ਪੁੱਤਰ ਨੂੰ ਮਿਲੀ ਸਜ਼ਾ ਸੁਣ ਕੇ ਚਿੰਤਾ 'ਚ ਡੁੱਬੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਸਜ਼ਾ ਮੁਆਫੀ ਲਈ ਦੇਣੀ ਪਵੇਗੀ 60 ਲੱਖ ਰੁਪਏ ਬਲੱਡ ਮਨੀ

ਜਾਣਕਾਰੀ ਅਨੁਸਾਰ ਨੌਜਵਾਨ ਚਰਨਜੀਤ ਸਿੰਘ 4 ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਲਈ ਤੇ ਵਧੀਆ ਰੋਜ਼ੀ-ਰੋਟੀ ਕਮਾਉਣ ਖਾਤਰ ਵਿਦੇਸ਼ ਦੀ ਧਰਤੀ ਦੁਬਈ 'ਚ ਗਿਆ ਸੀ, ਪਰੰਤੂ ਪਰਿਵਾਰ ਨੂੰ ਕੀ ਪਤਾ ਸੀ ਕਿ 3 ਮਹੀਨਿਆਂ ਬਾਅਦ ਹੀ ਉਸ ਨਾਲ ਅਜਿਹਾ ਭਾਣਾ ਵਾਪਰ ਜਾਵੇਗਾ। ਨੌਜਵਾਨ ਚਰਨਜੀਤ ਸਿੰਘ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਆਣ ਡਿੱਗਿਆ ਹੈ। ਪਰਿਵਾਰ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਸਮਾਜ ਸੇਵੀਆਂ ਤੋਂ ਵੀ ਉਨ੍ਹਾਂ ਦੇ ਪੁੱਤ ਨੂੰ ਬਚਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚਰਨਜੀਤ ਸਿੰਘ ਦੀ ਸ਼ਜਾ ਮੁਆਫ ਕਰਵਾਉਣ ਬਦਲੇ ਹੁਣ 60 ਲੱਖ ਰੁਪਏ ਦੀ ਬਲੱਡ ਮਨੀ ਦੇਣੀ ਪਵੇਗੀ।


4 ਸਾਲਾਂ ਤੋਂ ਕਤਲ ਮਾਮਲੇ 'ਚ ਦੁਬਈ ਦੀ ਜੇਲ੍ਹ ਬੰਦ ਹੈ ਚਰਨਜੀਤ ਸਿੰਘ

ਚਰਨਜੀਤ ਸਿੰਘ ਦੀ ਮਾਤਾ ਬਬਲੀ ਅਤੇ ਪਿਤਾ ਤਿਲਕ ਰਾਜ ਨੇ ਪਿੰਡ ਦੇ ਮੋਹਤਬਾਰਾਂ ਦੀ ਹਾਜ਼ਰੀ 'ਚ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਪੁੱਤਰ ਨੂੰ 17 ਫਰਵਰੀ 2020 'ਚ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਗਿਆ ਸੀ ਤਾਂ ਜੋ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਦੇਸ਼ ਜਾਣ ਤੋਂ ਕਰੀਬ 3 ਮਹੀਨਿਆਂ ਬਾਅਦ ਹੀ ਉਨ੍ਹਾਂ ਦੇ ਪੁੱਤਰ ਨੂੰ ਉਥੇ ਕਤਲ ਮਾਮਲੇ 'ਚ ਕਮਰੇ 'ਚ ਰਹਿੰਦੇ ਸਾਥੀਆਂ ਵਲੋਂ ਹੀ ਫਸਾ ਦਿੱਤਾ ਗਿਆ ਤੇ ਪਿਛਲੇ 4 ਸਾਲਾਂ ਤੋਂ ਉਨ੍ਹਾਂ ਦਾ ਪੁੱਤਰ ਆਬੂਧਾਬੀ ਦੀ ਜੇਲ੍ਹ 'ਚ ਬੰਦ ਸੀ।

ਪਰਿਵਾਰ ਨੇ ਸਰਕਾਰਾਂ ਤੇ ਸਮਾਜ ਸੇਵੀਆਂ ਨੂੰ ਲਾਈ ਗੁਹਾਰ

ਚਰਨਜੀਤ ਦੇ ਮਾਤਾ-ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਹੁਣ ਉਨ੍ਹਾਂ ਦੇ ਪੁੱਤ ਵੱਲੋਂ ਫੋਨ 'ਤੇ ਜਾਣਕਾਰੀ ਦਿੱਤੀ ਗਈ ਹੈ ਕਿ ਦੁਬਈ 'ਚ ਉਸਨੂੰ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਗਏ ਹਨ ਤੇ ਸਜ਼ਾ ਤੋਂ ਬੁਚਣ ਲਈ ਉਸਨੂੰ 60 ਲੱਖ ਰੁਪਏ ਦੀ ਬਲੱਡ ਮਨੀ ਦੇਣੀ ਪਵੇਗੀ। ਪਰਿਵਾਰ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੰਤਰੀਆਂ ਤੱਕ ਪਹੁੰਚ ਕਰ ਰਹੇ ਹਨ, ਪਰ ਉਨ੍ਹਾਂ ਦੀ ਸਾਰ ਕਿਸੇ ਨੇ ਨਹੀਂ ਲਈ ਤੇ ਉਨ੍ਹਾਂ ਦੇ ਘਰ 'ਚ ਵੀ ਅੱਤ ਦੀ ਗਰੀਬੀ ਹੈ, ਜਿਸ ਕਾਰਨ ਉਹ ਇੰਨੀ ਵੱਡੀ ਰਕਮ ਦੇਣ ਤੋਂ ਅਸਮਰਥ ਹਨ। ਰੋਂਦੇ ਮਾਪਿਆਂ ਨੇ ਸਰਕਾਰਾਂ ਅਤੇ ਸਮਾਜ ਸੇਵੀਆਂ ਤੋਂ ਹੱਥ ਜੋੜ ਕੇ ਮਦਦ ਦੀ ਗੁਹਾਰ ਲਾਉਂਦਿਆਂ ਹੋਇਆਂ ਉਨ੍ਹਾਂ ਦੇ ਪੁੱਤ ਨੂੰ ਬਚਾਉਣ ਦੀ ਅਪੀਲ ਕੀਤੀ ਹੈ।

-

Top News view more...

Latest News view more...