ਮਾਮੂਲੀ ਤਕਰਾਰ ਦੇ ਚੱਲਦਿਆਂ ਨੌਜਵਾਨਾਂ ਨੇ ਘਰ ਅੰਦਰ ਵੜ ਚਲਾਈਆਂ ਗੋਲੀਆਂ, ਇੱਕ ਜਖ਼ਮੀ
ਬਟਾਲਾ: ਬਟਾਲਾ ਦੇ ਨਜ਼ਦੀਕੀ ਪਿੰਡ ਸ਼ਾਹਬਾਦ ਵਿੱਚ ਦੇਰ ਰਾਤ ਮਾਹੌਲ ਉਸ ਵੇਲੇ ਦਹਿਸ਼ਤ ਭਰਿਆ ਬਣ ਗਿਆ ਜਦੋਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਸੁਮਨਪ੍ਰੀਤ ਸਿੰਘ ਦੇ ਘਰ ਦਾ ਗੇਟ ਟੱਪ ਕੇ ਅੰਦਰ ਵੜ ਗੋਲੀਆਂ ਚਲਾਉਂਦੇ ਹੋਏ ਉਸਨੂੰ ਜਖ਼ਮੀ ਕਰ ਦਿਤਾ | ਉੱਥੇ ਹੀ ਉਕਤ ਨੌਜਵਾਨ ਨੂੰ ਗੰਭੀਰ ਜਖ਼ਮੀ ਹੋਣ ਦੇ ਚਲਦੇ ਸਿਵਲ ਹਸਪਤਾਲ ਬਟਾਲਾ ਦੇ ਸਟਾਫ ਵਲੋਂ FirstAid ਦੇ ਕੇ ਅੰਮ੍ਰਿਤਸਰ ਹਸਪਤਾਲ 'ਚ ਰੈਫ਼ਰ ਕੀਤਾ ਗਿਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਵਲੋਂ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕਰ ਦਿਤੀ ਗਈ।
ਉੱਥੇ ਹੀ ਜ਼ਖਮੀ ਸੁਮਨਪ੍ਰੀਤ ਸਿੰਘ ਅਤੇ ਉਸਦੇ ਅਪਾਹਿਜ ਭਰਾ ਪ੍ਰੀਤਪਾਲ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਹਰਵਿੰਦਰ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾ ਗਾਲ੍ਹਾਂ ਕੱਢਣ ਤੋਂ ਹੋਏ ਮਾਮੂਲੀ ਝਗੜੇ ਨੂੰ ਲੈਕੇ ਕੁਝ ਨੌਜਵਾਨਾਂ ਵਲੋਂ ਸੁਮਨਪ੍ਰੀਤ ਸਿੰਘ ਦੇ ਘਰ ਦਾ ਗੇਟ ਟੱਪ ਹਮਲਾ ਕੀਤਾ ਗਿਆ ਅਤੇ ਘਰ ਅੰਦਰ ਦਾਖਿਲ ਹੋ ਗੋਲੀਆਂ ਚਲਾ ਦਿਤੀਆਂ ਗਈਆਂ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ ਦੋ ਗੋਲੀਆਂ ਸੁਮਨਪ੍ਰੀਤ ਦੀਆਂ ਲੱਤਾਂ 'ਤੇ ਵੱਜਣ ਨਾਲ ਉਹ ਜ਼ਖਮੀ ਹੋ ਗਿਆ ਅਤੇ ਹਮਲਾਵਰਾਂ ਨੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆ ਜਿਸਤੋਂ ਬਾਅਦ ਉਹ ਫਰਾਰ ਹੋ ਗਏ।
ਦੂਜੇ ਪਾਸੇ ਵਾਰਦਾਤ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ। ਏ.ਐੱਸ.ਆਈ ਗੁਰਨਾਮ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਉਨ੍ਹਾਂ ਨੂੰ ਘਰ ਦੇ ਅੰਦਰ ਤੋਂ ਇੱਕ ਜਿੰਦਾ ਕਾਰਤੂਸ ਅਤੇ ਇੱਕ ਖੋਲ ਮਿਲਿਆ ਹੈ ਅਤੇ ਉਨ੍ਹਾਂ ਦੱਸਿਆ ਕਿ ਜਖ਼ਮੀ ਨੌਜਵਾਨ ਅਤੇ ਪਰਿਵਾਰ ਦੇ ਬਿਆਨ ਦਰਜ ਕਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
- PTC NEWS