ED Raid : ਸਾਲ 2024 'ਚ ਦਰਜ NDPS ਦਾ ਮਾਮਲਾ , 6 ਰਾਜਾਂ ਵਿੱਚ ਈਡੀ ਦੀ ਰੇਡ , ਜਲੰਧਰ 'ਚ ਗ੍ਰਿਫ਼ਤਾਰ ਮੁਲਜ਼ਮ ਇਮਤਿਆਜ਼ ਸਲਮਾਨੀ ਦੇ ਘਰ ਵੀ ਕੀਤੀ ਰੇਡ
ED Raid In Punjab : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਪੰਜਾਬ, ਹਿਮਾਚਲ, ਉੱਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ 15 ਤੋਂ ਵੱਧ ਥਾਵਾਂ 'ਤੇ ਰੇਡ ਕੀਤੀ। ਇਹ ਰੇਡ ਪੰਜਾਬ ਦੇ ਜਲੰਧਰ ਵਿੱਚ ਸਥਿਤ ਦਿਓਲ ਨਗਰ ਵਿੱਚ ਵੀ ਕੀਤੀ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਈਡੀ ਵੱਲੋਂ ਦਰਜ ਕੀਤੇ ਗਏ ਮਾਮਲੇ ਦੇ ਆਧਾਰ 'ਤੇ ਇੱਕੋ ਸਮੇਂ ਰੇਡ ਕੀਤੀ ਗਈ। ਇਹ ਮਾਮਲਾ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਜਲੰਧਰ ਈਡੀ ਦੀ ਟੀਮ ਵੱਲੋਂ ਜਲੰਧਰ ਵਿੱਚ ਇਹ ਰੇਡ ਟਰਾਮਾਡੋਲ ਸਪਲਾਈ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਇਮਤਿਆਜ਼ ਸਲਮਾਨੀ ਦੇ ਦਿਓਲ ਨਗਰ ਸਥਿਤ ਘਰ 'ਤੇ ਕੀਤੀ ਗਈ ਸੀ। ਟੀਮ ਪਿਛਲੇ ਕਈ ਘੰਟਿਆਂ ਤੋਂ ਘਰ 'ਚ ਜਾਂਚ ਕਰ ਰਹੀ ਹੈ। ਸਲਮਾਨੀ ਨੂੰ ਇਸ ਮਾਮਲੇ 'ਚ ਪਿਛਲੇ ਸਾਲ ਪੰਜਾਬ ਪੁਲਿਸ ਵੱਲੋਂ ਗਿਰਫਤਾਰ ਕੀਤਾ ਗਿਆ ਸੀ। ਸਲਮਾਨੀ ਇਸ ਮਾਮਲੇ 'ਚ ਸਪਲਾਇਰ ਦੀ ਭੂਮਿਕਾ 'ਚ ਸੀ। STF ਨੇ ਇੰਟਰ ਸਟੇਟ ਫਾਰਮਾਸੂਟੀਕਲ ਡਰੱਗ ਦਾ ਪਰਦਾਫਾਸ਼ ਕੀਤਾ ਸੀ।
ਸੂਤਰਾਂ ਅਨੁਸਾਰ ਡਰੱਗ ਤਸਕਰੀ ਸਿੰਡੀਕੇਟ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਤਹਿਤ 6 ਰਾਜਾਂ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਸਾਲ 2024 ਵਿੱਚ ਦਰਜ ਕੀਤੇ ਗਏ ਮਾਮਲੇ ਨੂੰ ਈਡੀ ਜਲੰਧਰ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਜਿਸ ਦੀ ਜਾਂਚ ਤੋਂ ਬਾਅਦ ਮੰਗਲਵਾਰ ਨੂੰ 15 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ।
ਦੱਸ ਦੇਈਏ ਕਿ ਏਜੰਸੀ ਨੇ ਇਸ ਮਾਮਲੇ ਵਿੱਚ ਕੁਝ ਵਿਅਕਤੀਆਂ ਦੇ ਘਰਾਂ ਤੋਂ ਇਲਾਵਾ ਬਾਇਓਜੈਨੇਟਿਕ ਡਰੱਗਜ਼ ਪ੍ਰਾਈਵੇਟ ਲਿਮਟਿਡ, ਸੀਬੀ ਹੈਲਥਕੇਅਰ, ਸਮਾਈਲੈਕਸ ਫਾਰਮਾਕੈਮ ਡਰੱਗ ਇੰਡਸਟਰੀਜ਼, ਸੋਲ ਹੈਲਥ ਕੇਅਰ (ਆਈ) ਪ੍ਰਾਈਵੇਟ ਲਿਮਟਿਡ ਅਤੇ ਐਸਟਰ ਫਾਰਮਾ ਨਾਮਕ ਕੁਝ ਫਾਰਮਾਸਿਊਟੀਕਲ ਕੰਪਨੀਆਂ ਦੇ ਪਰਿਸਰਾਂ ਨੂੰ ਵੀ ਆਪਣੀ ਜਾਂਚ ਦੇ ਦਾਇਰੇ ਵਿੱਚ ਲਿਆ ਹੈ। ਪਿਛਲੇ ਸਾਲ ਕੀਤੀ ਗਈ ਆਪਣੀ ਕਾਰਵਾਈ ਤਹਿਤ ਪੰਜਾਬ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਨਸ਼ੀਲੇ ਪਦਾਰਥ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਫਾਰਮਾ ਦਵਾਈਆਂ ਦਾ ਜ਼ਖੀਰਾ ਵੀ ਜ਼ਬਤ ਕੀਤਾ ਸੀ। ਇਸ ਮਾਮਲੇ 'ਚ ਕੁੱਲ 70 ਲੱਖ ਪ੍ਰਤੀਬੰਧ ਗੋਲੀਆਂ ਅਤੇ 725 ਕਿਲੋ taramadol ਗੋਲੀਆਂ ਦਾ ਪਾਊਡਰ ਮਿਲਿਆ ਸੀ।
- PTC NEWS