Ludhiana News : ਪਿੰਡ ਰੂਪਾਪੱਤੀ ਵਿਖੇ ਡਿੱਗੀ ਘਰ ਦੀ ਕੰਧ, ਗੁਆਂਢ 'ਚ ਚਾਰਾ ਵੱਢਦੇ ਬਜ਼ੁਰਗ ਦੀ ਹੇਠਾਂ ਦੱਬੇ ਜਾਣ ਕਾਰਨ ਮੌਤ
Ludhiana News : ਪਿੰਡ ਰੂਪਾਪੱਤੀ ਦੇ 59 ਸਾਲਾ ਨਰਾਇਣ ਸਿੰਘ ਦੀ ਆਪਣੇ ਹਰੇ ਚਾਰੇ ਵਾਲੇ ਪਲਾਟ ਵਿੱਚ ਪੱਠੇ ਵੱਢਦੇ ਹੋਏ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਨਾਰਾਇਣ ਸਿੰਘ 'ਤੇ ਗੁਆਂਢੀ ਜਗਦੇਵ ਸਿੰਘ ਫੌਜੀ ਦੀ ਪੱਕੀ ਕੰਧ, ਜਿਸ ਦੀ ਕਿ ਮੁਰੰਮਤ ਕੀਤੀ ਜਾ ਰਹੀ ਅੱਜ ਸ਼ਾਮੀ 4:30 ਵਜੇ ਡਿੱਗ ਗਈ।
ਨਰਾਇਣ ਸਿੰਘ ਉਪਰ ਕੰਧ ਡਿੱਗਣ ਉਪਰੰਤ ਗੁਆਂਢੀ ਜਗਦੇਵ ਸਿੰਘ ਅਤੇ ਨਰਾਇਣ ਸਿੰਘ ਦੇ ਘਰ ਦੀ ਔਰਤਾਂ ਵੱਲੋਂ ਨਰਾਇਣ ਸਿੰਘ ਨੂੰ ਨਿੱਜੀ ਹਸਪਤਾਲ ਰਾਏਕੋਟ ਵਿਖੇ ਇਲਾਜ ਲਈ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਣ ਮੌਕੇ ਡਾਕਟਰਾਂ ਵੱਲੋਂ ਉਸਦੀ ਪਹਿਲਾਂ ਹੀ ਮੌਤ ਹੋ ਜਾਣ ਬਾਰੇ ਦੱਸਿਆ ਗਿਆ।
ਮ੍ਰਿਤਕ ਦੇ ਭਰਾ ਲਖਵਿੰਦਰ ਸਿੰਘ ਅਤੇ ਪੁੱਤਰ ਬਲਦੀਪ ਸਿੰਘ ਵੱਲੋਂ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅੱਜ ਘਰ ਨਹੀਂ ਸਨ ਅਤੇ ਨਰਾਇਣ ਸਿੰਘ ਪੱਠੇ ਵੱਢਣ ਲਈ ਆਪਣੇ ਗੁਆਂਢੀ ਜਗਦੇਵ ਸਿੰਘ ਫੌਜੀ ਨਾਲ ਲੱਗਦੇ ਪਲਾਂਟ ਵਿੱਚ ਬੀਜੇ ਹਰੇ ਚਾਰੇ ਪੱਠੇ ਵੱਢਣ ਗਏ ਸੀ, ਜਿੱਥੇ ਉਨ੍ਹਾਂ ਦੀ ਕੰਧ ਡਿੱਗਣ ਨਾਲ ਮੌਕੇ 'ਤੇ ਮੌਤ ਹੋ ਗਈ।
ਥਾਣਾ ਸਦਰ ਰਾਏਕੋਟ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਮੌਕੇ ਦਾ ਜਾਇਜ਼ਾ ਲੈਂਦਿਆਂ ਪਿੰਡ ਰੂਪਾਪੱਤੀ ਵਿਖੇ ਘਟਨਾ ਸਥਲ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ। ਨਰਾਇਣ ਸਿੰਘ ਦੀ ਮੌਤ 'ਤੇ ਜਿੱਥੇ ਇੱਕ ਪਾਸੇ ਉਸ ਦੇ ਭਰਾ ਨੇ ਗੁਆਂਢੀ ਜਗਦੇਵ ਸਿੰਘ ਵੱਲੋਂ ਜਾਣਬੁੱਝ ਕੇ ਕੰਧ ਸੁੱਟ ਕੇ ਮਾਰਨ ਦੇ ਦੋਸ਼ ਲਗਾਏ, ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਬਾਰੇ ਕਿਹਾ ਗਿਆ।
ਉਧਰ, ਥਾਣਾ ਰਾਏਕੋਟ ਸਦਰ ਮੁਖੀ ਐਸਆਈ ਕੁਲਵਿੰਦਰ ਸਿੰਘ ਵੱਲੋਂ ਹਾਲੇ ਤੱਕ ਕੋਈ ਵੀ ਪ੍ਰਤੀਕਰਮ ਦੇਣ ਤੋਂ ਗ਼ੁਰੇਜ਼ ਕਰਦਿਆਂ ਇਸ ਸਾਰੀ ਘਟਨਾ ਸੰਬੰਧੀ ਸਵੇਰੇ ਜਾਣਕਾਰੀ ਦੇਣ ਬਾਰੇ ਕਿਹਾ ਗਿਆ।
- PTC NEWS