Taran Taran News : ਕੜਾਕੇ ਦੀ ਠੰਡ 'ਚ ਕਾਨਿਆਂ ਦੀ ਛੱਤ ਬਣਾ ਕੇ ਪੱਲੀਆਂ ਪਾ ਕੇ ਰਹਿ ਰਹੇ ਬਜ਼ੁਰਗ ਨੇ ਦੱਸੀ ਆਪਣੀ ਨਰਕ ਭਰੀ ਜ਼ਿੰਦਗੀ ਦੀ ਦਾਸਤਾਨ
Taran Taran News : ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਦੀ ਕਰਨੋਲੀਆਂ ਵਿੱਚ ਹੱਡ ਚੀਰਵੀ ਠੰਡ ਵਿੱਚ ਅਤੇ ਪੈ ਰਹੇ ਕੋਰੇ ਵਿੱਚ ਖੁੱਲੇ ਅਸਮਾਨ ਹੇਠ ਕਾਨਿਆਂ ਦੀ ਛੱਤ ਬਣਾ ਕੇ ਪੱਲੀਆਂ ਦੀ ਕੰਧ ਕਰਕੇ ਉਸ ਵਿੱਚ ਗੁਜ਼ਾਰਾ ਕਰ ਰਹੇ ਬਜ਼ੁਰਗ ਜੋੜੇ ਨੇ ਦੱਸੇ ਆਪਣੇ ਨਰਕ ਭਰੀ ਜਿੰਦਗੀ ਦੇ ਹਾਲਾਤ ਇਸ ਸਬੰਧੀ ਗੱਲਬਾਤ ਕਰਦੇ ਹੋਏ ਬਜ਼ੁਰਗ ਮਲੂਕ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਇੱਕ ਹੀ ਲੜਕਾ ਹੈ ਅਤੇ ਉਹ ਵੀ ਉਹਨਾਂ ਨੂੰ ਨਹੀਂ ਪੁੱਛਦਾ ਅਤੇ ਨਾ ਹੀ ਉਹਨਾਂ ਨੂੰ ਕੋਈ ਰੋਟੀ ਪਾਣੀ ਦਿੰਦਾ ਹੈ, ਉਸ ਨੇ ਜੋ ਕਮਰਾ ਬਣਾਇਆ ਹੋਇਆ ਹੈ ,ਉਸ ਵਿੱਚ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿੰਦਾ ਹੈ।
ਜਦੋਂ ਉਹ ਕਿਤੇ ਜਾਂਦਾ ਹੈ ਤਾਂ ਉਸਨੂੰ ਤਾਲਾ ਲਾ ਜਾਂਦਾ ਹੈ ਅਤੇ ਸਾਨੂੰ ਉਹ ਕਮਰੇ ਵਿੱਚ ਨਹੀਂ ਪੈਣ ਦਿੰਦਾ ,ਜਿਸ ਕਰਕੇ ਸਾਨੂੰ ਮਜਬੂਰ ਹੋ ਕੇ ਕਈ ਸਾਲਾਂ ਤੋਂ ਕਾਨਿਆਂ ਦੀ ਝੋਪੜੀ ਬਣਾ ਕੇ ਅਤੇ ਤਰਪੈਲਾਂ ਦੀਆਂ ਕੰਧਾਂ ਕਰਕੇ ਇਸ ਵਿੱਚ ਹੀ ਰਹਿਣਾ ਪੈ ਰਿਹਾ ਹੈ। ਉਸਨੇ ਦੱਸਿਆ ਕਿ ਹੁਣ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਹਵਾ ਵੀ ਵਗਦੀ ਹੈ ਅਤੇ ਦਿਨੇ ਕੋਰਾ ਵੀ ਪੈਂਦਾ ਹੈ ਪਰ ਸਾਨੂੰ ਮਜਬੂਰ ਖੁੱਲੇ ਅਸਮਾਨ ਹੇਠ ਇਸੇ ਤਰ੍ਹਾਂ ਹੀ ਰਹਿਣਾ ਪੈਂਦਾ ਹੈ ,ਜੇ ਕਿਤੇ ਬਾਰਿਸ਼ ਆ ਜਾਂਦੀ ਹੈ ਤਾਂ ਉਹ ਲੋਕਾਂ ਦੇ ਘਰਾਂ ਵਿੱਚ ਤੂੜੀ ਵਾਲੇ ਕਮਰਿਆਂ ਦੇ ਵਿੱਚ ਰਾਤ ਗੁਜ਼ਾਰਦੇ ਹਨ।
ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਇਲਾਕੇ ਦੇ ਮੋਹਤਬ ਲੋਕਾਂ ਨੂੰ ਕੋਠਾ ਪਾ ਕੇ ਦੇਣ ਲਈ ਕਿਹਾ ਗਿਆ ਪਰ ਕਿਸੇ ਨੇ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਨੂੰ ਕੋਈ ਕੋਠਾ ਪਾ ਕੇ ਦਿੱਤਾ। ਬਜ਼ੁਰਗ ਨੇ ਦੱਸਿਆ ਕਿ ਉਹ ਮਸਾ ਹੀ ਤੁਰ ਕੇ ਅੰਦਰ ਬਾਹਰ ਜਾਂਦੇ ਹਨ ,ਜਿਸ ਕਰਕੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਮਸਾ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਜੇ ਕੋਈ ਉਹਨਾਂ ਨੂੰ ਰੋਟੀ ਦੇ ਦਿੰਦਾ ਹੈ ਤਾਂ ਉਹ ਖਾ ਲੈਂਦੇ ਹਨ ਨਹੀਂ ਤਾਂ ਇਸੇ ਤਰ੍ਹਾਂ ਹੀ ਭੁੱਖੇ ਸੌ ਜਾਂਦੇ ਹਨ।
ਪੀੜਤ ਬਜ਼ੁਰਗ ਦੀ ਪਤਨੀ ਜੋਗਿੰਦਰ ਕੌਰ ਨੇ ਦੱਸਿਆ ਕਿ ਘਰ ਵਿੱਚ ਨਾ ਤਾਂ ਲੈਟਰਿੰਗ ਹੈ ਅਤੇ ਨਾ ਹੀ ਬਾਥਰੂਮ ਅਤੇ ਉਸਦਾ ਪਤੀ ਵੀ ਬਿਮਾਰ ਹੋਣ ਕਰਕੇ ਇਸ ਵਿਵਸਥਾ ਵਿੱਚ ਉਹਨਾਂ ਨੂੰ ਬਹੁਤ ਹੀ ਔਖੇ ਦਿਨ ਕੱਢਣੇ ਪੈ ਰਹੇ ਹਨ। ਪੀੜਤ ਬਜ਼ੁਰਗ ਨੇ ਦੱਸਿਆ ਕਿ ਆਪਣੇ ਘਰ ਦੇ ਹਾਲਾਤਾਂ ਨੂੰ ਵੇਖਦੇ ਹੋਏ ਉਸ ਨੇ ਆਪਣੀ ਵੱਡੀ ਲੜਕੀ ਤੂੰ ਉਸ ਦੇ ਲੜਕੇ ਨੂੰ ਕਈ ਦਿਨਾਂ ਵਾਸਤੇ ਸੱਦਿਆ ਕਿ ਉਹ ਦਿਹਾੜੀ ਦੱਪਾ ਕਰਕੇ ਉਹਨਾਂ ਨੂੰ ਰੋਟੀ ਖਵਾ ਦਵੇਗਾ ਪਰ ਠੰਡ ਹੋਣ ਕਰਨ ਉਸ ਨੂੰ ਵੀ ਕੋਈ ਦਿਹਾੜੀ ਨਹੀਂ ਮਿਲ ਰਹੀ। ਜਿਸ ਕਰਕੇ ਘਰ ਦੇ ਹਾਲਾਤ ਨਰਕ ਤੋਂ ਵੀ ਬੱਤਰ ਬਣੇ ਹੋਏ ਹਨ।
ਪੀੜਤ ਬਜ਼ੁਰਗ ਜੋੜੇ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕੀ ਉਹਨਾਂ ਦੇ ਘਰ ਦੇ ਹਾਲਾਤਾਂ ਵੱਲ ਵੇਖ ਕੇ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਜ਼ਰੂਰ ਕੀਤੀ ਜਾਵੇ ਤਾਂ ਜੋ ਉਹ ਰਹਿੰਦਾ ਬੁਢਾਪਾ ਆਪਣਾ ਅਰਾਮ ਨਾਲ ਕੱਟ ਸਕਣ। ਇਸ ਮੌਕੇ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹਨਾਂ ਦੀ ਇੱਕ ਜਵਾਨ ਲੜਕੀ ਹੈ ,ਜਿਸ ਦਾ ਉਹਨਾਂ ਨੇ ਵਿਆਹ ਕਰਨਾ ਹੈ ਪਰ ਘਰ ਵਿੱਚ ਕੁਝ ਵੀ ਨਾ ਹੋਣ ਕਾਰਨ ਹਰ ਦਿਨ ਉਸ ਦੀ ਫਿਕਰ ਉਹਨਾਂ ਨੂੰ ਖਾਈ ਜਾ ਰਹੀ ਹੈ। ਉਨ੍ਹਾਂ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਬਜ਼ੁਰਗ ਪਰਿਵਾਰ ਦੀ ਇਸ ਕੜਾਕੇ ਦੀ ਠੰਡ ਵਿੱਚ ਸਾਰ ਜਰੂਰ ਲਈ ਜਾਵੇ ਤਾਂ ਜੋ ਇਹ ਪਰਿਵਾਰ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਆ ਸਕੇ।
- PTC NEWS