Electricity Bill in Hindi : ਹੁਣ ਹਿੰਦੀ ਭਾਸ਼ਾ ’ਚ ਵੀ ਮਿਲਿਆ ਕਰੇਗਾ ਬਿੱਲ, ਬਿਜਲੀ ਕੁਨੈਕਸ਼ਨ ਲੈਣ ਦੀ ਪ੍ਰਕਿਰਿਆ ਵੀ ਹੋਵੇਗੀ ਸੌਖੀ
Electricity Bill in Hindi : ਬਿਜਲੀ ਵਿਭਾਗ ਨੇ ਹਰਿਆਣਾ ਵਿੱਚ ਬਿਜਲੀ ਖਪਤਕਾਰਾਂ ਨੂੰ ਸਹੂਲਤ ਪ੍ਰਦਾਨ ਕੀਤੀ ਹੈ। ਦੱਸ ਦਈਏ ਕਿ ਹੁਣ ਸੂਬੇ ਵਿੱਚ ਬਿਜਲੀ ਦੇ ਬਿੱਲ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਵਿੱਚ ਵੀ ਛਾਪੇ ਜਾਣਗੇ। ਬਿਜਲੀ ਖਪਤਕਾਰਾਂ ਨੂੰ ਅੰਗਰੇਜ਼ੀ ਵਿੱਚ ਪਾਏ ਜਾਣ ਵਾਲੇ ਸ਼ਬਦ ਪੜ੍ਹਨ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਲਈ ਉਹ ਆਪਣੇ ਬੱਚਿਆਂ ਜਾਂ ਹੋਰ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਦੀ ਮਦਦ ਨਾਲ ਇਨ੍ਹਾਂ ਬਿੱਲਾਂ ਬਾਰੇ ਜਾਣਕਾਰੀ ਹਾਸਲ ਕਰਦੇ ਸੀ।
ਇਹ ਬਦਲਾਅ ਰਾਜ ਦੇ ਵਸਨੀਕਾਂ ਨੂੰ ਆਪਣੇ ਬਿਜਲੀ ਬਿੱਲਾਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰੇਗਾ। ਜਿਸ ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਘੱਟ ਹੋਣਗੀਆਂ।
ਦਰਅਸਲ, ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਹਾਲ ਹੀ ਵਿਚ ਕੁਝ ਨਿਯਮਾਂ ਵਿਚ ਸੋਧ ਕੀਤੀ ਹੈ। ਜਿਸ ਕਾਰਨ ਨਵੇਂ ਹੁਕਮ ਵੀ ਜਾਰੀ ਕੀਤੇ ਗਏ ਹਨ। ਹੁਣ ਬਿਜਲੀ ਖਪਤਕਾਰਾਂ ਨੂੰ ਵੈੱਬ ਪੋਰਟਲ 'ਤੇ ਹੀ ਨਵੇਂ ਬਿਜਲੀ ਕੁਨੈਕਸ਼ਨ ਜਾਂ ਪੁਰਾਣੇ ਕੁਨੈਕਸ਼ਨ 'ਚ ਬਦਲਾਅ ਲਈ ਅਪਲਾਈ ਕਰਨਾ ਹੋਵੇਗਾ।
ਦੱਸ ਦਈਏ ਕਿ ਬਿਜਲੀ ਕੁਨੈਕਸ਼ਨ ਲੈਣ ਦੀ ਪ੍ਰਕਿਰਿਆ ਨੂੰ ਵੀ ਸਰਲ ਕਰ ਦਿੱਤਾ ਗਿਆ ਹੈ। ਹੁਣ ਵੱਡੇ ਸ਼ਹਿਰਾਂ ਵਿੱਚ ਤਿੰਨ ਦਿਨ, ਛੋਟੇ ਕਸਬਿਆਂ ਵਿੱਚ ਸੱਤ ਦਿਨ ਅਤੇ ਪਿੰਡਾਂ ਵਿੱਚ ਪੰਦਰਾਂ ਦਿਨਾਂ ਵਿੱਚ ਨਵੇਂ ਬਿਜਲੀ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਨਿਯਮਾਂ ਵਿੱਚ ਸੋਧ ਕਰਕੇ ਇਸ ਸਬੰਧ ਵਿੱਚ ਹੁਕਮ ਜਾਰੀ ਕੀਤੇ ਹਨ। ਇਸ ਨਾਲ ਖਪਤਕਾਰਾਂ ਲਈ ਨਵੇਂ ਕੁਨੈਕਸ਼ਨ ਲੈਣਾ ਆਸਾਨ ਹੋ ਜਾਵੇਗਾ ਅਤੇ ਇਸ ਪ੍ਰਕਿਰਿਆ ਦੇ ਡਿਜੀਟਲੀਕਰਨ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।
ਡਿਮਾਂਡ ਨੋਟਿਸ ਦੀ ਪਾਲਣਾ ਤੋਂ ਬਾਅਦ ਬਿਜਲੀ ਸਪਲਾਈ ਸ਼ੁਰੂ ਕਰਨ ਦੀ ਸਮਾਂ ਸੀਮਾ ਵੀ ਨਿਰਧਾਰਤ ਕੀਤੀ ਗਈ ਹੈ, ਜੋ ਕਿ ਅਰਜ਼ੀ ਦੀ ਕਿਸਮ ਦੇ ਅਨੁਸਾਰ ਬਦਲਦੀ ਹੈ। ਜੇਕਰ ਇਸ ਪ੍ਰਕਿਰਿਆ ਵਿੱਚ ਦੇਰੀ ਹੁੰਦੀ ਹੈ ਤਾਂ ਪਾਵਰ ਕਾਰਪੋਰੇਸ਼ਨਾਂ ਨੂੰ HERC ਨੂੰ ਸੂਚਿਤ ਕਰਨਾ ਹੋਵੇਗਾ।
ਇਹ ਵੀ ਪੜ੍ਹੋ: ਨਿਤਿਨ ਗਡਕਰੀ ਦੀ CM ਭਗਵੰਤ ਮਾਨ ਨੂੰ ਚਿਤਾਵਨੀ, ਕਿਹਾ- ਕਾਨੂੰਨ ਵਿਵਸਥਾ ਸੁਧਾਰੋ, ਨਹੀਂ ਤਾਂ 8 ਹਾਈਵੇ ਪ੍ਰੋਜੈਕਟ ਬੰਦ ਕਰ ਦੇਵੇਗੀ NHAI
- PTC NEWS