Jammu Kashmir Encounter: ਰਿਆਸੀ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ, ਦੋ ਅੱਤਵਾਦੀਆਂ ਦੇ ਘੇਰੇ ਜਾਣ ਦਾ ਖਦਸ਼ਾ
Jammu Kashmir Encounter: ਜੰਮੂ ਡਿਵੀਜ਼ਨ ਦੇ ਰਿਆਸੀ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ ਹੈ। ਪੁਲਿਸ ਨੂੰ ਰਿਆਸੀ ਦੇ ਤੁਲੀ ਇਲਾਕੇ ਦੇ ਇੱਕ ਘਰ ਵਿੱਚ ਦੋ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਦੇ ਆਧਾਰ 'ਤੇ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ। ਆਪਣੇ ਆਪ ਨੂੰ ਘਿਰਿਆ ਦੇਖ ਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਕਾਰਨ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ।
Encounter started at #Reasi on the basis of #Police input regarding presence of 02 terrorists . Encounter going on in Gali Sohab in Tuli area of #Chassana. Police and Army on the job.
— ADGP Jammu (@igpjmu) September 4, 2023
ਇਸ ਤੋਂ ਪਹਿਲਾਂ ਐਤਵਾਰ ਨੂੰ ਸੁਰੱਖਿਆ ਬਲਾਂ ਨੇ ਜੰਮੂ-ਪੁੰਛ ਹਾਈਵੇਅ 'ਤੇ ਸੁਰੱਖਿਆ ਬਲਾਂ ਦੇ ਵਾਹਨਾਂ ਨੂੰ ਉਡਾ ਕੇ ਭਾਰੀ ਨੁਕਸਾਨ ਪਹੁੰਚਾਉਣ ਦੀ ਅੱਤਵਾਦੀਆਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ। ਹਾਈਵੇਅ 'ਤੇ ਨਾਰੀਅਨ ਪਿੰਡ ਨੇੜੇ ਇੱਕ ਪੁਲੀ ਦੇ ਕਿਨਾਰੇ 'ਤੇ ਲਗਭਗ ਤਿੰਨ ਕਿਲੋਗ੍ਰਾਮ ਵਜ਼ਨ ਵਾਲਾ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਲੁਕਾਇਆ ਗਿਆ ਸੀ। ਫੌਜ ਦੀ ਰੋਡ ਓਪਨਿੰਗ ਪਾਰਟੀ ਨੇ ਸਵੇਰੇ 5.45 ਵਜੇ ਆਈ.ਈ.ਡੀ. ਦਾ ਪਤਾ ਲਗਾਇਆ ਤੇ ਇਸ ਮਗਰੋਂ ਹਾਈਵੇਅ ’ਤੇ ਆਵਾਜਾਈ ਰੋਕ ਦਿੱਤੀ ਗਈ।
ਜੰਮੂ ਵਿੱਚ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਸੁਨੀਲ ਬਰਥਵਾਲ ਨੇ ਦੱਸਿਆ ਕਿ ਸਵੇਰੇ 4.45 ਵਜੇ ਫੌਜ ਦੀ ਰੋਡ ਓਪਨਿੰਗ ਪਾਰਟੀ ਨੂੰ ਨਾਰੀਅਨ ਪਿੰਡ ਨੇੜੇ ਇੱਕ ਪੁਲੀ ਹੇਠ ਟਿਫਿਨ ਪਿਆ ਮਿਲਿਆ। ਇਸ ’ਤੇ ਤੁਰੰਤ ਸੜਕ ਦੇ ਦੋਵੇਂ ਪਾਸੇ ਨਾਕਾਬੰਦੀ ਕਰਕੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ।
ਤੁਰੰਤ ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ, ਜਿਸ ਨੇ ਜਾਂਚ ਤੋਂ ਬਾਅਦ ਪਾਇਆ ਕਿ ਇਹ ਟਿਫਿਨ ਵਿਚ ਫਿੱਟ ਕੀਤਾ ਗਿਆ ਇਕ ਸ਼ਕਤੀਸ਼ਾਲੀ ਆਈਈਡੀ ਸੀ। ਦਸਤੇ ਦੁਆਰਾ ਸਵੇਰੇ 8.15 ਵਜੇ ਇੱਕ ਨਿਯੰਤਰਿਤ ਵਿਸਫੋਟ ਦੁਆਰਾ ਇਸਨੂੰ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਗੱਡੀਆਂ ਨੂੰ ਜਾਣ ਦਿੱਤਾ ਗਿਆ। ਇਸ ਦੌਰਾਨ ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਰਾਮਕ੍ਰਿਸ਼ਨ ਅਤੇ ਐਸਐਸਪੀ ਰਾਜੋਰੀ ਅੰਮ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਜੇਕਰ ਉਹ ਆਸਪਾਸ ਕੋਈ ਸ਼ੱਕੀ ਵਸਤੂ ਜਾਂ ਵਿਅਕਤੀ ਦੇਖਦੇ ਹਨ ਤਾਂ ਤੁਰੰਤ ਪੁਲਿਸ ਅਤੇ ਫੌਜ ਨੂੰ ਸੂਚਿਤ ਕਰਨ।
- PTC NEWS