Faridkot News : ਫ਼ਰੀਦਕੋਟ ਪੁਲਿਸ ਨੇ ਮੁਹਾਲੀ ਵਾਸੀ ਦੇ ਅੰਨ੍ਹੇ ਕਤਲ ਕੇਸ ਨੂੰ ਕੀਤਾ ਹੱਲ, ਬੰਬੀਹਾ ਗੈਂਗ ਨਾਲ ਸਬੰਧਿਤ ਸ਼ੂਟਰਾਂ ਸਮੇਤ 7 ਕੀਤੇ ਗ੍ਰਿਫ਼ਤਾਰ
Faridkot Murder Case : ਫਰੀਦਕੋਟ ਪੁਲਿਸ (Faridkot Police) ਵੱਲੋਂ ਕਾਊਂਟਰ ਇੰਟੈਲੀਜੈਂਸ ਅਤੇ AGTF ਪੰਜਾਬ ਦੇ ਨਾਲ ਸਾਂਝੀ ਕਾਰਵਾਈ ਦੌਰਾਨ ਬੰਬੀਹਾ ਗੈਗ ਨਾਲ ਸਬੰਧਿਤ 07 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਪਿੰਡ ਬਾਹਮਣਵਾਲਾ ਵਿਖੇ ਹੋਏ ਕਤਲ ਮਾਮਲੇ (Murder Case) ਵਿੱਚ ਸ਼ਾਮਿਲ ਸਨ। ਇਹ ਜਾਣਕਾਰੀ ਅਸ਼ਵਨੀ ਕਪੂਰ ਡੀ.ਆਈ.ਜੀ ਫਰੀਦਕੋਟ ਰੇਂਜ ਵੱਲੋ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ।
ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 03 ਮੁੱਖ ਮੁਲਜ਼ਮ ਚਿੰਕੀ (ਵਾਸੀ ਜੈਤੋ), ਗੁਰਮੀਤ ਸਿੰਘ ਉਰਫ ਗੁੰਬਰ ਰਾਜਪੂਤ ਅਤੇ ਮਨਪ੍ਰੀਤ ਸਿੰਘ ਉਰਫ ਗੱਤਰੀ, ਜੋ ਕਿ ਫਾਜਿਲਕਾ ਦੇ ਜਲਾਲਾਬਾਦ ਨਾਲ ਸਬੰਧਿਤ ਹਨ, ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਨੂੰ ਅਸਲਾ, ਪੈਸੇ ਅਤੇ ਰਿਹਾਇਸ਼ ਮੁਹੱਇਆ ਕਰਵਾਉਣ ਵਾਲੇ 4 ਮੁਲਜ਼ਮ ਸੂਰਜ ਕੁਮਾਰ (ਵਾਸੀ ਸਿਰਸਾ, ਹਰਿਆਣਾ) ਅਤੇ ਫਿਰੋਜਪੁਰ ਜਿਲ੍ਹੇ ਨਾਲ ਸਬੰਧਿਤ ਜਸਵੰਤ ਸਿੰਘ ਉਰਫ ਮੰਗਲ, ਹਰਮਨਪ੍ਰੀਤ ਸਿੰਘ ਉਰਫ ਹਰਮਨ ਅਤੇ ਬੰਟੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਮਿਤੀ 22 ਜੁਲਾਈ 2025 ਨੂੰ ਪਿੰਡ ਬਾਹਮਣ ਵਾਲਾ ਵਿਖੇ ਯਾਦਵਿੰਦਰ ਸਿੰਘ ਨਾਮ ਦਾ ਵਿਅਕਤੀ, ਜੋ ਕਿ ਮੋਹਾਲੀ ਜ਼ਿਲ੍ਹੇ ਨਾਲ ਸਬੰਧਿਤ ਸੀ, ਉਸ ਨੂੰ 3 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਉਸ ਸਮੇ ਗੋਲੀ ਮਾਰ ਦਿੱਤੀ ਗਈ ਸੀ, ਜਦ ਉਹ ਜੀਵਨਜੋਤ ਸਿੰਘ ਚਾਹਲ ਉਰਫ ਜੁਗਨੂੰ ਨਾਮ ਦੇ ਵਿਅਕਤੀ ਨਾਲ ਬਤੌਰ ਡਰਾਇਵਰ ਉਸਦੀ ਗੱਡੀ ਇੰਡੈਵਰ ਕਾਰ ਵਿੱਚ ਪਿੰਡ ਬਾਹਮਣ ਵਾਲਾ ਵਿਖੇ ਕਿਸੇ ਭੋਗ ਲਈ ਆਇਆ ਹੋਇਆ ਸੀ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋ ਕਾਊਟਰ ਇੰਟੈਲੀਜੈਸ ਅਤੇ ਐਟੀ ਗੈੱਗਸਟਰ ਟਾਸਕ ਫੋਰਸ ਪੰਜਾਬ ਦੇ ਨਾਲ ਮਿਲ ਕੇ ਸਾਂਝੀ ਕਾਰਵਾਈ ਦੌਰਾਨ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਚਿੰਕੀ (ਵਾਸੀ ਸੁਖਚੈਨਪੁਰਾ ਬਸਤੀ, ਜੈਤੋ) ਨੂੰ ਮਿਤੀ 27.07.2025 ਨੂੰ ਸਿਰਸਾ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਉਸਨੂੰ ਵਾਰਦਾਤ ਤੋਂ ਬਾਅਦ ਪਨਾਹ ਦੇਣ ਵਾਲੇ ਸੂਰਜ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਟੀਮਾਂ ਵੱਲੋਂ ਮੁਲਜ਼ਮਾਂ ਨੂੰ ਅਸਲਾ, ਪੈਸੇ ਅਤੇ ਪਨਾਹ ਦੇਣ ਵਾਲੇ 03 ਦੋਸ਼ੀਆ ਜਸਵੰਤ ਸਿੰਘ ਉਰਫ ਮੰਗਲ, ਹਰਮਨਪ੍ਰੀਤ ਸਿੰਘ ਉਰਫ ਹਰਮਨ ਅਤੇ ਬੰਟੀ ਨੂੰ ਫਿਰੋਜਪੁਰ ਤੋ ਮਿਤੀ 28.07.2025 ਨੂੰ ਗ੍ਰਿਫਤਾਰ ਕੀਤਾ ਗਿਆ।
ਇਸਦੇ ਨਾਲ ਹੀ ਕੱਲ ਮਿਤੀ 29 ਜੁਲਾਈ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਮੁੱਖ ਦੋਸ਼ੀਆਂ ਗੁੰਬਰ ਰਾਜਪੂਤ ਅਤੇ ਮਨਪ੍ਰੀਤ ਸਿੰਘ ਉਰਫ ਗੱਤਰੀ ਨੂੰ ਪਟਿਆਲਾ ਜਿਲ੍ਹੇ ਦੇ ਰਾਜਪੁਰਾ ਸ਼ਹਿਰ ਵਿੱਚੋ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਪਾਸੋ ਬਾਅਦ ਵਿੱਚ 02 ਪਿਸਟਲ .30 ਬੋਰ ਸਮੇਤ 11 ਰੌਦ ਅਤੇ 01 ਗਲੌਕ ਪਿਸਟਲ ਸਮੇਤ 08 ਰੌਦ ਬਰਾਮਦ ਕੀਤੇ ਗਏ।
ਉਹਨਾ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਕਤਲ ਦੀ ਸਾਜਿਸ ਬੰਬੀਹਾ ਗੈਗ ਨਾਲ ਸਬੰਧਿਤ ਵਿਦੇਸ ਰਹਿੰਦੇ ਅਪਰਾਧੀ ਗੌਰਵ ਉਰਫ ਲੱਕੀ ਪਟਿਆਲ ਵੱਲੋਂ ਘੜੀ ਗਈ ਸੀ, ਜਿਸ ਦੇ ਇਸ਼ਾਰੇ 'ਤੇ ਹੀ ਚਿੰਕੀ ਵੱਲੋਂ ਬੰਬੀਹਾ ਗੈਂਗ ਨਾਲ ਸਬੰਧਿਤ ਆਪਣੇ ਭਰਾ ਦੀਪਕ ਮਾਨ ਦੀ ਮੌਤ ਦਾ ਬਦਲਾ ਲੈਣ ਲਈ ਸਿੱਧੂ ਮੂਸੇ ਵਾਲਾ ਕਤਲ ਕੇਸ ਵਿੱਚ ਨਾਮਜਦ ਜੀਵਨਜੋਤ ਸਿੰਘ ਚਾਹਲ ਉਰਫ ਜੁਗਨੂੰ ਦਾ ਕਤਲ ਕਰਨ ਦੀ ਯੋਜਨਾ ਬਣਾਈ ਗਈ ਅਤੇ ਜਦ ਆਪਣੇ 02 ਸਾਥੀਆਂ ਮਨਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਉਰਫ ਗੁੰਬਰ ਰਾਜਪੂਤ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦੇਣ ਗਿਆ ਤਾਂ ਜੀਵਨਜੋਤ ਸਿੰਘ ਉਰਫ ਜੁਗਨੂੰ ਦੀ ਜਗ੍ਹਾ ਪਰ ਉਸਦੇ ਡਰਾਇਵਰ ਯਾਦਵਿੰਦਰ ਸਿੰਘ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ।
ਤਿੰਨਾਂ ਮੁਲਜ਼ਮਾਂ ਨੂੰ ਅਸਲਾ, ਬਾਰੂਦ ਤੇ ਪੈਸੇ ਮਲੇਸ਼ੀਆਂ ਰਹਿੰਦੇ ਪਿਊਸ਼ ਪਹਿਲਵਾਨ ਉਰਫ ਰਾਜਨ ਅਤੇ ਉਸਦੇ ਪਿਤਾ ਜਸਵੰਤ ਸਿੰਘ ਉਰਫ ਮੰਗਲ ਵੱਲੋਂ ਮੁਹੱਇਆ ਕਰਵਾਏ ਗਏ ਸੀ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚਿੰਕੀ ਨੂੰ ਸੂਰਜ ਕੁਮਾਰ ਨੇ ਪਨਾਹ ਦਿੱਤੀ ਸੀ ਅਤੇ ਮਨਪ੍ਰੀਤ ਸਿੰਘ ਅਤੇ ਗੁੰਬਰ ਰਾਜਪੂਤ ਦੋਹਾਂ ਨੇ ਹਰਮਨਪ੍ਰੀਤ ਸਿੰਘ ਉਰਫ ਹਰਮਨ ਅਤੇ ਬੰਟੀ ਪਾਸ ਪਨਾਹ ਲਈ ਸੀ।
ਇਸ ਵਾਰਦਾਤ ਸਬੰਧੀ ਪਹਿਲਾ ਹੀ ਥਾਣਾ ਸਿਟੀ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 180 ਮਿਤੀ 22.07.2025 ਅਧੀਨ ਧਾਰਾ 103(1), 109, 61(2), 249 ਬੀ.ਐਨ.ਐਸ ਅਤੇ 25/27/54/59 ਅਸਲਾ ਐਕਟ ਤਹਿਤ ਦਰਜ ਕੀਤਾ ਜਾ ਚੁੱਕਾ ਹੈ।
- PTC NEWS