Fazilka 'ਚ ਇੱਕ ਕਿਸਾਨ ਦੀ ਮੌਤ, ਪਾਣੀ 'ਚ ਡੁੱਬੇ ਖੇਤ 'ਚੋਂ ਸਮਾਨ ਕੱਢਣ ਸਮੇਂ ਡਿੱਗਿਆ ਬਿਜਲੀ ਦਾ ਖੰਭਾ
Fazilka News : ਫਾਜ਼ਿਲਕਾ 'ਚ ਇੱਕ ਕਿਸਾਨ ਪਾਣੀ 'ਚ ਡੁੱਬੇ ਆਪਣੇ ਖੇਤ 'ਚੋਂ ਆਪਣਾ ਸਮਾਨ ਕੱਢਣ ਗਿਆ ਸੀ। ਇਸ ਦੌਰਾਨ ਕਿਸਾਨ ਉੱਤੇ ਬਿਜਲੀ ਦਾ ਖੰਭਾ ਡਿੱਗ ਗਿਆ ਅਤੇ ਉਸਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ। ਇਸ ਤੋਂ ਬਾਅਦ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਹੋਣ 'ਤੇ ਉਸਨੂੰ ਰੈਫਰ ਕਰ ਦਿੱਤਾ ਗਿਆ ਅਤੇ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਇਹ ਹਾਦਸਾ ਪਿੰਡ ਵਲੇਸ਼ਾਹ ਉਤਾੜ ਵਿੱਚ ਵਾਪਰਿਆ। ਮ੍ਰਿਤਕ ਦਿਆਲ ਸਿੰਘ (58 ਸਾਲ) ਦੇ ਪੁੱਤਰ ਬਗੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਲੇਸ਼ਾਹ ਉਤਾੜ ਦਾ ਰਹਿਣ ਵਾਲਾ ਹੈ। ਉਸਦੇ ਖੇਤ ਵਿੱਚ ਪਾਣੀ ਆ ਗਿਆ ਸੀ। ਪਾਣੀ ਦੀ ਲਪੇਟ ਵਿੱਚ ਖੇਤ ਆਉਣ ਤੋਂ ਬਾਅਦ ਉਸਦੇ ਪਿਤਾ ਸਮਾਨ ਕੱਢਣ ਲਈ ਖੇਤ ਗਿਆ ਸੀ। ਅਚਾਨਕ ਇੱਕ ਬਿਜਲੀ ਦਾ ਖੰਭਾ ਉਸਦੇ ਪਿਤਾ ਉੱਤੇ ਡਿੱਗ ਪਿਆ। ਖੰਭਾ ਸਿੱਧਾ ਉਸਦੇ ਪਿਤਾ ਦੇ ਸਿਰ 'ਤੇ ਡਿੱਗਿਆ।
ਪਿਤਾ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰ ਨੇ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ। ਉਹ ਆਪਣੇ ਪਿਤਾ ਨੂੰ ਫਰੀਦਕੋਟ ਲੈ ਜਾ ਰਿਹਾ ਸੀ ਕਿ ਰਸਤੇ ਵਿੱਚ ਉਸਦੀ ਮੌਤ ਹੋ ਗਈ। ਇਸ ਸਮੇਂ ਪਰਿਵਾਰ ਵਿੱਤੀ ਮਦਦ ਦੀ ਗੁਹਾਰ ਲਗਾ ਰਿਹਾ ਹੈ।
- PTC NEWS