Tarn Taran News : ਮੀਂਹ ਦਾ ਪਾਣੀ ਬਣਿਆ ਆਫ਼ਤ! ਕਿਸਾਨਾਂ ਦੀ 200 ਏਕੜ ਝੋਨੇ ਦੀ ਫਸਲ ਡੁੱਬੀ, ਮੁਆਵਜ਼ੇ ਦੀ ਮੰਗ
Tarn Taran Crop Damage News : ਜ਼ਿਲ੍ਹਾ ਤਰਨ ਤਾਰਨ ਦੇ ਖੇਮਕਰਨ (Khemkaran News) ਅਧੀਨ ਪੈਂਦੇ ਪਿੰਡ ਤਲਵੰਡੀ ਸੋਭਾ ਸਿੰਘ ਦੇ ਖੇਤਾਂ ਵਿੱਚ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ 30 ਤੋਂ 40 ਕਿਸਾਨਾਂ ਦੀ 200 ਏਕੜ ਦੇ ਕਰੀਬ ਬੀਜੀ ਹੋਈ ਝੋਨੇ ਦੀ ਫਸਲ ਬਾਰਿਸ਼ ਦੇ ਪਾਣੀ ਵਿੱਚ ਡੁੱਬਣ ਕਾਰਨ ਖਰਾਬ ਹੋ ਗਈ ਹੈ। ਕਿਸਾਨਾਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕੀ ਇਸ ਬਾਰਿਸ਼ ਦੇ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਅਤੇ ਉਨ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਬਣਦਾ ਮੁਆਵਜਾ ਦਿੱਤਾ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਰਾਜਬੀਰ ਸਿੰਘ ਸੁਖਵੰਤ ਸਿੰਘ ਦੁਬਲੀ ਅਤੇ ਕਾਰਜ ਸਿੰਘ ਘਰਿਆਲਾ ਅਤੇ ਰਵਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਇਸੇ ਤਰ੍ਹਾਂ ਹੀ ਬਾਰਿਸ਼ ਦੇ ਦਿਨਾਂ ਵਿੱਚ ਜੋ ਬਾਰਸ਼ ਦਾ ਪਾਣੀ ਆਉਂਦਾ ਹੈ, ਉਸ ਨਾਲ ਉਹਨਾਂ ਦੀ ਫਸਲ ਤਬਾਹ ਹੋ ਜਾਂਦੀ ਹੈ ਕਿਉਂਕਿ ਸਾਡੀਆਂ ਜ਼ਮੀਨਾਂ ਨੀਵੀਆਂ ਹੋਣ ਕਾਰਨ ਇਨ੍ਹਾਂ ਜ਼ਮੀਨਾਂ ਵਿੱਚ ਪਿੰਡ ਕੋਟ ਬੁੱਢਾ ਤੂਤ ਭੰਗਾਲਾ ਕਿਲਾ ਅਤੇ ਕਈ ਹੋਰ ਪਿੰਡਾਂ ਦਾ ਬਾਰਿਸ਼ ਦਾ ਪਾਣੀ ਇਕੱਤਰ ਹੋ ਕੇ ਇੱਥੇ ਆ ਕੇ ਜਮਾ ਹੋ ਜਾਂਦਾ ਹੈ, ਜਿਸ ਦਾ ਕਾਰਨ ਹੈ ਕਿ ਪਿੰਡ ਤਲਵੰਡੀ ਬੁੱਧ ਸਿੰਘ ਦੇ ਨਜ਼ਦੀਕ ਜੋ ਰੋਹੀ ਸੀ, ਉਸ ਨੂੰ ਕੁਝ ਵਿਅਕਤੀਆਂ ਵੱਲੋਂ ਪੂਰ ਕੇ ਉਸ ਵਿੱਚ ਮਿੱਟੀ ਪਾ ਦਿੱਤੀ, ਜਿਸ ਕਾਰਨ ਇਹ ਪਾਣੀ ਅੱਗੇ ਨਹਿਰ ਵੱਲ ਨਹੀਂ ਜਾਂਦਾ ਅਤੇ ਇੱਥੇ ਹੀ ਰੁਕ ਜਾਂਦਾ ਹੈ। ਨਤੀਜੇ ਵੱਜੋਂ ਉਹਨਾਂ ਦੀ 200 ਤੋਂ ਵੱਧ ਏਕੜ ਫਸਲ ਹਰ ਸਾਲ ਹੀ ਖਰਾਬ ਹੋ ਜਾਂਦੀ ਹੈ, ਜਿਸ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੀੜਤ ਕਿਸਾਨਾਂ ਨੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਇਸ ਮੰਗ ਵੱਲ ਖਾਸ ਤੌਰ 'ਤੇ ਧਿਆਨ ਕੀਤਾ ਜਾਵੇ ਅਤੇ ਆਪਣੇ ਐਸਡੀਐਮ ਤਹਸੀਲਦਾਰ ਨੂੰ ਭੇਜ ਕੇ ਗਿਰਦਾਵਰੀਆਂ ਕਰਾਈਆਂ ਜਾਣ ਅਤੇ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕੀ ਇਸ ਬਾਰਿਸ਼ ਦੇ ਪਾਣੀ ਦੀ ਨਿਕਾਸੀ ਕਰਦੇ ਹੋਏ ਤਲਵੰਡੀ ਬੁੱਧ ਸਿੰਘ ਦੇ ਨਜ਼ਦੀਕ ਸੜਕ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਪੋਰੇ ਪਾਏ ਜਾਣ ਤਾਂ ਜੋ ਇਹ ਪਾਣੀ ਸਾਡੀਆਂ ਜਮੀਨਾਂ ਵਿੱਚ ਨਾ ਰੁਕ ਸਕੇ।
(ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ)
- PTC NEWS