Bharat Mala Project : ਪਿੰਡ ਭਿੱਟੇਵਾਲ 'ਚ ਪ੍ਰਸ਼ਾਸਨ ਤੋਂ ਵਾਪਸ ਲਿਆ ਜ਼ਮੀਨਾਂ ਦਾ ਕਬਜ਼ਾ, ਬੋਲੇ- ਵਾਜ਼ਬ ਮੁੱਲ ਮਿਲਣ ਪਿੱਛੋਂ ਹੀ ਛੱਡਾਂਗੇ ਜ਼ਮੀਨਾਂ
Bharat Mala Project : ਕੇਂਦਰ ਸਰਕਾਰ ਦੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਪੰਜਾਬ ਵਿੱਚ ਵੱਡੀ ਪੱਧਰ 'ਤੇ ਜ਼ਮੀਨਾਂ ਐਕਵਾਇਰ (Land acquisition) ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਕਈ ਪਿੰਡਾਂ ਵਿੱਚ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪਾਂ ਵੀ ਸਾਹਮਣੇ ਆਈਆਂ ਹਨ ਅਤੇ ਕਿਸਾਨਾਂ ਵੱਲੋਂ ਜ਼ਮੀਨਾਂ ਦੇ ਸਹੀ ਮੁੱਲ ਨਾ ਮਿਲਣ ਕਾਰਨ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਬੀਤੇ ਦਿਨੀ ਗੁਰਦਾਸਪੁਰ (Gurdaspur News) ਦੇ ਪਿੰਡ ਭਿੱਟੇਵਾਲ (Bhittewal Village) ਵਿੱਚ ਵੀ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜ਼ਮੀਨ ਐਕਵਾਇਰ ਕੀਤੀ ਗਈ ਸੀ, ਜਿਸ ਦਾ ਡੱਟਵਾਂ ਵਿਰੋਧ ਹੋਇਆ ਸੀ। ਪਰੰਤੂ ਅੱਜ ਪ੍ਰਸ਼ਾਸਨ ਵੱਲੋਂ ਕਬਜ਼ੇ 'ਚ ਲਈ ਜ਼ਮੀਨ ਨੂੰ ਜ਼ਮੀਨ ਮਾਲਕ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵਾਪਸ ਲੈ ਲਿਆ।
ਕਿਸਾਨਾਂ ਵੱਲੋਂ ਵਾਜ਼ਿਬ ਮੁੱਲ ਦੀ ਮੰਗ
ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਸ਼ੁਕਰਵਾਰ ਨੂੰ ਵੱਡਾ ਇਕੱਠ ਕਰਕੇ ਆਪਣੀਆਂ ਜ਼ਮੀਨਾਂ ਦੇ ਉੱਤੇ ਮੁੜ ਕਬਜ਼ਾ ਬਹਾਲ ਕਰ ਲਿਆ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਕਬਜ਼ੇ ਨੂੰ ਟਰੈਕਟਰਾਂ ਦੇ ਨਾਲ ਵਾਹ ਦਿੱਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੀ ਹਾਜ਼ਰ ਸਨ, ਜਿਨ੍ਹਾਂ ਨੇ ਕਹੀਆਂ ਨਾਲ ਮਿੱਟੀ ਪਾ ਕੇ ਪ੍ਰਸਾਸ਼ਨ ਵਲੋਂ ਹਾਈਵੇ ਲਈ ਬਣਾਏ ਗਏ ਟੋਏ ਪੂਰ ਦਿੱਤੇ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਨ੍ਹਾਂ ਨੂੰ ਜ਼ਮੀਨਾਂ ਦਾ ਵਾਜ਼ਿਬ ਮੁੱਲ ਨਹੀਂ ਮਿਲਦਾ, ਉਹ ਆਪਣੀਆਂ ਜ਼ਮੀਨਾਂ 'ਤੇ ਕਬਜ਼ਾ ਨਹੀਂ ਹੋਣ ਦੇਣਗੇ।
- PTC NEWS