Warring toll plaza ਬੰਦ ਕਰਨ ਤੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ ਕਿਸਾਨਾਂ ਨੇ ਮੁਕਤਸਰ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ
Sri Muktsar Sahib News : ਭਾਰਤੀ ਕਿਸਾਨ ਯੂਨੀਅਨ ਏਕਤਾ 'ਸਿੱਧੂਪੁਰ ਨੇ ਵੜਿੰਗ ਟੋਲ ਪਲਾਜਾ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਮੁਕਤਸਰ ਦੇ ਡੀਸੀ ਦਫਤਰ ਸਾਹਮਣੇ ਵੱਡੇ ਪੱਧਰ ’ਤੇ ਧਰਨਾ ਲਗਾਇਆ ਹੈ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸਮੂਲੀਅਤ ਕੀਤੀ। ਕਿਸਾਨਾਂ ਨੇ ਵੜਿੰਗ ਟੋਲ ਪਲਾਜਾ ਨੂੰ ਲੈ ਕੇ ਕਿਹਾ ਕਿ ਇਹ ਟੋਲ ਨਜਾਇਜ਼ ਹੈ ਤੇ ਲੋਕਾਂ ਦੀ ਲੁੱਟ ਕਰ ਰਿਹਾ ਹੈ
ਉਹਨਾਂ ਨੇ ਦੱਸਿਆ ਕਿ ਟੋਲ ਪਲਾਜਾ ਕੰਪਨੀ ਨੇ ਆਪਣੀਆਂ ਕੋਈ ਵੀ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ। ਜੁੜਵਾਂ ਨਹਿਰਾਂ ਉੱਤੇ ਪੁਲ ਬਣਾਉਣਾ ਲਾਜ਼ਮੀ ਸੀ ਪਰ ਉਹ ਨਹੀਂ ਬਣਾਇਆ ਗਿਆ, ਜਿਸ ਕਾਰਨ ਕਰੀਬ ਤਿੰਨ ਸਾਲ ਪਹਿਲਾਂ ਇੱਕ ਨਿੱਜੀ ਬੱਸ ਨਹਿਰ ਵਿੱਚ ਡਿੱਗ ਗਈ ਸੀ ਅਤੇ 12 ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਵੀ ਕੰਪਨੀ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਕਿਸਾਨਾਂ ਨੇ ਦੱਸਿਆ ਕਿ 9 ਸਾਲਾਂ ਤੋਂ ਚੱਲਦੇ ਆ ਰਹੇ ਇਸ ਟੋਲ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਵੀ ਉਲੰਘਣਾ ਕੀਤੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਦੋਂ ਟੋਲ ਪਲਾਜਾ ਸ਼ਰਤਾਂ ਪੂਰੀਆਂ ਨਹੀਂ ਕਰਦਾ ਤਾਂ ਉਸ ’ਤੇ ਫੀਸ ਨਹੀਂ ਲਗਾਈ ਜਾ ਸਕਦੀ ਪਰ ਇੱਥੇ ਸਰਕਾਰ ਸਿਆਸੀ ਸ਼ਹਿ ਦੇ ਨਾਲ ਲੋਕਾਂ ਦੀ ਲੁੱਟ ਕਰ ਰਹੀ ਹੈ। ਉਹਨਾਂ ਨੇ ਸਾਫ ਕਿਹਾ ਕਿ ਅਸੀਂ ਸੰਘਰਸ਼ ਕਰਨਾ ਨਹੀਂ ਚਾਹੁੰਦੇ ਸੀ ਪਰ ਪੁਲਿਸ ਅਤੇ ਪ੍ਰਸ਼ਾਸਨ ਦੇ ਵਤੀਰੇ ਨੇ ਸਾਨੂੰ ਮਜਬੂਰ ਕੀਤਾ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕਰੀਬ 70 ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਸੀ ,ਜਿਸ ਨਾਲ ਇਹ ਸੰਘਰਸ਼ ਹੋਰ ਤੇਜ਼ ਹੋ ਗਿਆ ਹੈ। ਅੱਜ ਦੇ ਧਰਨੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨਾਲ ਨਾਲ ਯੂਨੀਅਨ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚੇ ,ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਜਦ ਤੱਕ ਟੋਲ ਬੰਦ ਨਹੀਂ ਹੁੰਦਾ ਅਤੇ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
- PTC NEWS