Mansa News : ਡੀਏਪੀ ਖਾਦ ਦੀ ਸਮੱਸਿਆ ਨੂੰ ਲੈ ਕੇ ਕਿਸਾਨਾਂ ਨੇ ਮਾਨਸਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੀਤਾ ਧਰਨਾ ਪ੍ਰਦਰਸ਼ਨ
Mansa News : ਕਣਕ ਦੀ ਬਿਜਾਈ ਦੇ ਲਈ ਕਿਸਾਨਾਂ ਨੂੰ ਡੀਏਪੀ ਖਾਦ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਮਾਨਸਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਡੀਏਪੀ ਖਾਦ ਮਿਲ ਵੀ ਰਹੀ ਹੈ ਤਾਂ ਉਸ ਨਾਲ ਵਾਧੂ ਸਮਾਨ ਲਗਾ ਕੇ ਦਿੱਤਾ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀ ਲੁੱਟ ਹੋ ਰਹੀ ਹੈ।
ਡੀਏਪੀ ਖਾਦ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾ ਕੇ ਡੀਏਪੀ ਖਾਦ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ 'ਚ 23 ਹਜ਼ਾਰ 741 ਮੀਟਰਿਕ ਟਨ ਡੀਏਪੀ ਦੀ ਜਰੂਰਤ ਹੈ ਜਦੋਂ ਕੱਲ ਤੱਕ 12 ਹਜ਼ਾਰ 590 ਮੀਟਰਿਕ ਟਨ ਡੀਏਪੀ ਪਹੁੰਚੀ ਹੈ ਜਦੋਂ ਕਿ 11 ਹਜ਼ਾਰ ਦੇ ਕਰੀਬ ਮੀਟਰਿਕ ਟਨ ਦੀ ਅਜੇ ਵੀ ਘਾਟ ਹੈ।
ਉਹਨਾਂ ਕਿਹਾ ਕਿ ਇੱਕ ਪਾਸੇ ਯੂਨੀਵਰਸਿਟੀ 15 ਨਵੰਬਰ ਤੱਕ ਕਣਕ ਦੀ ਬਿਜਾਈ ਕਰਨ ਦੇ ਲਈ ਢੁਕਵਾਂ ਸਮਾਂ ਦੱਸ ਰਹੀ ਹੈ ਜਦੋਂ ਕਿ ਦੂਸਰੇ ਪਾਸੇ ਡੀਏਪੀ ਖਾਦ ਦੀ ਸਮੱਸਿਆ ਦੇ ਨਾਲ ਕਿਸਾਨ ਜੂਝ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਡੀਏਪੀ ਖਾਦ ਦਿੱਤੀ ਵੀ ਜਾ ਰਹੀ ਹੈ ਤਾਂ ਉਸ ਨਾਲ ਵਾਧੂ ਸਮਾਨ ਸਲਫਰ ਨੈਨੋ ਯੂਰੀਆ ਆਦਿ ਸਮਾਨ ਦਿੱਤਾ ਜਾ ਰਿਹਾ, ਜਿਸ ਨਾਲ ਕਿਸਾਨਾਂ ਦੀ ਲੁੱਟ ਵੀ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਮਹਿਜ ਦੋ ਡੀਏਪੀ ਖਾਦ ਦੇ ਰੈਕ ਲੱਗੇ ਹਨ, ਜਦੋਂ ਕਿ 10 ਹੋਰ ਰੈਕ ਲੱਗਣੇ ਚਾਹੀਦੇ ਹਨ ਤਾਂ ਕਿ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਨੂੰ ਕਣਕ ਦੀ ਬਿਜਾਈ ਦੇ ਲਈ ਡੀਏਪੀ ਖਾਦ ਦੀ ਜਰੂਰਤ ਪੂਰੀ ਹੋ ਸਕੇ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਜੇਕਰ ਜਲਦ ਹੀ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
- PTC NEWS