ਕਿਸਾਨਾਂ ਨੇ ਫਿਰ ਘੇਰ ਲਿਆ ਭਾਜਪਾ ਦਾ ਹੰਸ ਰਾਜ ਹੰਸ, ਵਰਕਰ ਮੀਟਿੰਗ ਲਈ ਆਏ ਸਨ ਫਰੀਦਕੋਟ
HansRaj Hans: ਫਰੀਦਕੋਟ ਤੋਂ ਭਾਜਪਾ ਉਮੀਦਵਾਰ ਨੂੰ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਕਾਰ ਰੋਕ ਕੇ ਹੰਸ (Hansraj Hans) ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ। ਹੰਸ ਵਰਕਰਾਂ ਦੀ ਮੀਟਿੰਗ ਲਈ ਇੱਕ ਹੋਟਲ ਪੁੱਜੇ ਸਨ। ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਕਿਸਾਨਾਂ ਨੇ ਉਨ੍ਹਾਂ ਦਾ ਘਿਰਾਓ ਕਰਨ ਦੀਆਂ ਤਿਆਰੀਆਂ ਕਰ ਲਈਆਂ ਸਨ। ਜਿਵੇਂ ਹੀ ਹੰਸ ਦਾ ਕਾਫਲਾ ਮੀਟਿੰਗ ਵਾਲੀ ਥਾਂ 'ਤੇ ਪੁੱਜਾ ਤਾਂ ਪਹਿਲਾਂ ਕਿਸਾਨਾਂ ਨੇ ਗੱਡੀ ਰੋਕ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਕਿਸਾਨਾਂ ਨੂੰ ਹਟਾ ਦਿੱਤਾ, ਕਿਸਾਨਾਂ ਨੇ ਹੰਸ ਦੇ ਕਾਫਲੇ ਨੂੰ ਘੇਰ ਲਿਆ ਅਤੇ ਭਾਜਪਾ ਅਤੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਰਹੇ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਕਾਰਨ ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਸਨ, ਪਰ ਉਸ ਮੋਰਚੇ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੂੰ ਕਈ ਸ਼ਰਤਾਂ ਮੰਨਣੀਆਂ ਪਈਆਂ। ਪਰ ਫਿਰ ਵੀ ਉਹ ਸ਼ਰਤਾਂ ਅੱਜ ਤੱਕ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ, ਉਲਟਾ ਜਦੋਂ ਕਿਸਾਨਾਂ ਨੇ ਮੁੜ ਦਿੱਲੀ ਜਾ ਕੇ ਆਪਣੀ ਮੰਗ ਨੂੰ ਯਾਦ ਕਰਾਉਣਾ ਚਾਹਿਆ ਤਾਂ ਉਨ੍ਹਾਂ ਨੂੰ ਹਰਿਆਣਾ ਦੀ ਸਰਹੱਦ 'ਤੇ ਰੋਕ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ, ਜਿਵੇਂ ਉਹ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋਣ।
- PTC NEWS