Jalandhar News : ਨਸ਼ੇ ਦੇ ਓਵਰਡੋਜ਼ ਕਾਰਨ 2 ਬੱਚਿਆਂ ਦੇ ਪਿਤਾ ਦੀ ਮੌਤ, ਪੇਟ ਦਰਦ ਲਈ ਸਕੈਨਿੰਗ ਕਰਵਾਉਣ ਲਈ ਗਿਆ ਸੀ ਬਾਹਰ
Jalandhar News : ਪੰਜਾਬ ’ਚ ਨਸ਼ੇ ਦੇ ਦੈਂਤ ਵੱਲੋਂ ਕਈ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਪੰਜਾਬ ਦੇ ਜਵਾਨੀ ਨੂੰ ਲਗਾਤਾਰ ਖੋਖਲੀ ਅਤੇ ਨਿਗਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਲੰਧਰ ਦੇ ਰਾਜ ਨਗਰ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਦੋ ਬੱਚਿਆਂ ਦੇ 30 ਸਾਲਾ ਪਿਤਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 30 ਸਾਲਾ ਰਾਜਪਾਲ ਸਿੰਘ ਵਾਸੀ ਰਾਜ ਨਗਰ ਵਜੋਂ ਹੋਈ ਹੈ। ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਅੱਜ ਰਾਜਪਾਲ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਰਾਜਪਾਲ ਪੇਟ ਦਰਦ ਦੀ ਸਕੈਨਿੰਗ ਕਰਵਾਉਣ ਲਈ ਆਪਣੀ ਮਾਂ ਤੋਂ ਦੋ ਹਜ਼ਾਰ ਰੁਪਏ ਲੈ ਕੇ ਘਰੋਂ ਨਿਕਲਿਆ ਸੀ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਮਾਤਾ ਰੀਟਾ ਵਾਸੀ ਰਾਜ ਨਗਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਕੰਮ ’ਤੇ ਗਈ ਸੀ। ਰਾਜਪਾਲ ਸਵੇਰੇ ਕਰੀਬ ਦਸ ਵਜੇ ਘਰ ਆਇਆ। ਉਦੋਂ ਉਹ ਘਰ ਨਹੀਂ ਸੀ। ਰਾਜਪਾਲ ਨੇ ਆਪਣੀ ਪਤਨੀ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਉਹ ਹੁਣ ਨਸ਼ਾ ਨਹੀਂ ਕਰਦਾ, ਉਸ ਦੇ ਢਿੱਡ ’ਚ ਨਸ਼ੇ ਕਾਰਨ ਦੁਖੀ ਹੈ। ਮੈਨੂੰ ਇਸ ਨੂੰ ਸਕੈਨ ਕਰਵਾਉਣ ਲਈ ਜਾਣਾ ਪਵੇਗਾ। ਇਸ ਤੋਂ ਬਾਅਦ ਰਾਜਪਾਲ ਦੋ ਹਜ਼ਾਰ ਰੁਪਏ ਲੈ ਕੇ ਘਰੋਂ ਚਲਾ ਗਿਆ। ਜਿਸ ਤੋਂ ਬਾਅਦ ਉਸਦੇ ਦੋਸਤਾਂ ਨੇ ਦੱਸਿਆ ਕਿ ਉਹ ਇੱਕ ਪਲਾਟ ਵਿੱਚ ਬੇਹੋਸ਼ ਪਿਆ ਸੀ। ਫਿਰ ਪਰਿਵਾਰ ਕਿਸੇ ਤਰ੍ਹਾਂ ਰਾਜਪਾਲ ਨੂੰ ਘਰ ਲੈ ਆਇਆ। ਜਿੱਥੇ ਉਸਦਾ ਸਾਹ ਰੁਕ ਗਿਆ ਸੀ।
ਪਰਿਵਾਰ ਮੁਤਾਬਕ ਰਾਜਪਾਲ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਸਾਢੇ ਪੰਜ ਸਾਲ ਦਾ ਬੇਟਾ ਅਤੇ ਸਾਢੇ ਤਿੰਨ ਸਾਲ ਦੀ ਬੇਟੀ ਹੈ। ਉਹ ਈ-ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਸੀ। ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਘਰੋਂ ਨਿਕਲਿਆ ਤਾਂ ਉਸ ਕੋਲ 100 ਰੁਪਏ ਸਨ ਅਤੇ ਘਰੋਂ ਦੋ ਹਜ਼ਾਰ ਰੁਪਏ ਲੈ ਕੇ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਪਾਲ ਦੀ ਲਾਸ਼ ਕੱਚਾ ਕੋਟ ਇਲਾਕੇ ਤੋਂ ਬਰਾਮਦ ਹੋਈ ਹੈ।
ਪਰਿਵਾਰ ਨੇ ਅੱਗੇ ਦੱਸਿਆ ਕਿ ਰਾਜਪਾਲ ਦੇ ਤਿੰਨ ਦੋਸਤ ਉਸ ਨੂੰ ਬੇਹੋਸ਼ ਪਏ ਹੋਣ ਦੀ ਸੂਚਨਾ ਦੇਣ ਘਰ ਆਏ ਸੀ। ਪਰਿਵਾਰ ਵਾਲੇ ਰਾਜਪਾਲ ਨੂੰ ਇਲਾਜ ਲਈ ਡਾਕਟਰ ਕੋਲ ਲੈ ਕੇ ਗਏ ਤਾਂ ਉਸ ਨੂੰ ਤੁਰੰਤ ਮ੍ਰਿਤਕ ਐਲਾਨ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : Bathinda Youth Died : ਚਿੱਟੇ ਦੀ ਭੇਂਟ ਚੜਿਆ ਤਿੰਨ ਭੈਣਾਂ ਦਾ ਇਕਲੌਤਾ ਭਰਾ, ਤਿੰਨ ਦਿਨ ਪਹਿਲਾਂ ਹੀ ਨਸ਼ਾ ਛੁਡਾਊਂ ਕੇਂਦਰ ’ਚ ਹੋਇਆ ਸੀ ਭਰਤੀ
- PTC NEWS