Fazilka News : ਸੜਕ ਹਾਦਸੇ 'ਚ 4 ਧੀਆਂ ਦੇ ਪਿਓ ਦੀ ਹੋਈ ਮੌਤ , ਅਵਾਰਾ ਪਸ਼ੂ ਨਾਲ ਟਕਰਾਉਣ ਕਰਕੇ ਵਾਪਰਿਆ ਹਾਦਸਾ
Fazilka News : ਫਾਜ਼ਿਲਕਾ ਦੇ ਅਬੋਹਰ ਵਿੱਚ ਬੱਲੂਆਣਾ ਨੇੜੇ ਅਵਾਰਾ ਪਸ਼ੂ ਨਾਲ ਟਕਰਾਉਣ ਕਰਕੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਢਾਬਾ ਕੋਕਰੀਆਂ ਦਾ ਰਹਿਣ ਵਾਲਾ 35 ਸਾਲਾ ਅੰਗਰੇਜ਼ ਸਿੰਘ ਦਿਹਾੜੀ ਮਜ਼ਦੂਰੀ ਕਰਦਾ ਸੀ। ਸ਼ੁੱਕਰਵਾਰ ਦੇਰ ਸ਼ਾਮ ਉਹ ਬੱਲੂਆਣਾ ਤੋਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ। ਰਾਤ 9 ਵਜੇ ਦੇ ਕਰੀਬ ਬੱਲੂਆਣਾ ਤੋਂ ਕੁਝ ਦੂਰੀ 'ਤੇ ਇੱਕ ਅਵਾਰਾ ਪਸ਼ੂ ਅਚਾਨਕ ਸੜਕ 'ਤੇ ਆ ਗਿਆ ਅਤੇ ਮੋਟਰਸਾਈਕਲ ਨਾਲ ਟਕਰਾ ਗਿਆ। ਜਿਸ ਕਾਰਨ ਅੰਗਰੇਜ਼ ਸਿੰਘ ਸੜਕ 'ਤੇ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ।
ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਉਸਨੂੰ ਚੁੱਕ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ। ਮ੍ਰਿਤਕ ਦੀ ਪਤਨੀ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਮ੍ਰਿਤਕ ਚਾਰ ਧੀਆਂ ਦਾ ਪਿਤਾ ਸੀ। ਸੂਚਨਾ ਮਿਲਣ 'ਤੇ ਮ੍ਰਿਤਕ ਦਾ ਛੋਟਾ ਭਰਾ ਅਤੇ ਪਿੰਡ ਵਾਸੀ ਹਸਪਤਾਲ ਪਹੁੰਚੇ।
ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਅੰਗਰੇਜ ਆਪਣੀਆਂ ਚਾਰ ਧੀਆਂ ਅਤੇ ਆਪਣੇ ਛੋਟੇ ਭਰਾ ਦਾ ਪਾਲਣ-ਪੋਸ਼ਣ ਕਰਦਾ ਸੀ। ਕਿਉਂਕਿ ਉਸਦਾ ਛੋਟਾ ਭਰਾ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਉਸ ਦੀਆਂ ਚਾਰ ਧੀਆਂ ਨਾਬਾਲਗ ਹਨ। ਪਿੰਡ ਵਾਸੀਆਂ ਅਤੇ ਪੰਚਾਇਤ ਨੇ ਡੀਸੀ ਅਤੇ ਸਰਕਾਰ ਤੋਂ ਉਸਦੇ ਪਰਿਵਾਰ ਲਈ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।
- PTC NEWS