Bathinda News : ਬਠਿੰਡਾ ਦੀ ਉੜੀਆ ਕਾਲੋਨੀ 'ਚ ਦੇਰ ਰਾਤ ਲੱਗੀ ਭਿਆਨਕ ਅੱਗ, ਕਈ ਝੁੱਗੀਆਂ ਤੇ ਸਮਾਨ ਸੜ ਕੇ ਸੁਆਹ
Bathinda News : ਬਠਿੰਡਾ ਥਰਮਲ ਪਲਾਂਟ ਨੇੜੇ ਬਣੀ ਉੜੀਆ ਕਲੋਨੀ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਈ ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ ਹਨ। ਇਥੇ ਲਗਭਗ 200 ਦੇ ਕਰੀਬ ਝੁੱਗੀਆਂ -ਝੌਂਪੜੀਆਂ ਬਣੀਆਂ ਹੋਈਆਂ ਹਨ, ਜਿੱਥੇ ਪ੍ਰਵਾਸੀ ਮਜ਼ਦੂਰ ਪਰਿਵਾਰ ਮਿੱਟੀ ਅਤੇ ਕਾਨਿਆ ਤੋਂ ਬਣੇ ਅਸਥਾਈ ਘਰਾਂ ਵਿੱਚ ਰਹਿੰਦੇ ਹਨ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਮੁਸ਼ਕਲ ਨਾਲ ਕਾਬੂ ਪਾਇਆ।
ਇੱਥੇ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚ ਸਕਦੀ ਕਿਉਂਕਿ ਜੋ ਬਠਿੰਡਾ ਸਰਹਿੰਦ ਨਹਿਰ 'ਤੇ ਪੁਲ ਬਣਿਆ ਹੋਇਆ ਹੈ ,ਉਹ ਬਹੁਤ ਤੰਗ ਹੈ ,ਉਥੋਂ ਦੀ ਸਿਰਫ਼ ਦੋ ਪਹੀਆ ਵਾਹਨ ਹੀ ਲੰਘ ਸਕਦੇ ਹਨ। ਜਿਸ ਕਾਰਨ ਕਰਕੇ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਜਾਂਦੀ। ਰਾਤ ਵੀ ਇਕ ਵਜੇ ਦੇ ਕਰੀਬ ਅੱਗ ਲੱਗੀ, ਜਿਸ ਸਮੇਂ ਪਰਿਵਾਰ ਝੁੱਗੀ ਵਿੱਚ ਸੁੱਤਾ ਪਿਆ ਹੋਇਆ ਸੀ। ਅਚਾਨਕ ਆਸ ਪਾਸ ਦੇ ਲੋਕਾਂ ਨੂੰ ਪਤਾ ਲੱਗ ਗਿਆ ਤੇ ਜਲਦੀ ਹੀ ਅੱਗ ਦੇ ਉੱਪਰ ਕਾਬੂ ਪਾ ਲਿਆ।
ਕਾਲੋਨੀ ਦੇ ਵਸਨੀਕ ਪ੍ਰੇਮ ਚੰਦ ਨਾਲ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ ਸਾਡੇ ਇੱਥੇ 200 ਦੇ ਕਰੀਬ ਘਰ ਹਨ ,ਮੇਰੇ ਪਰਿਵਾਰ ਵਿੱਚ ਤਿੰਨ ਬੱਚੇ ਅਤੇ 2 ਮੀਆਂ ਬੀਬੀ ਅਸੀਂ ਰਹਿੰਦੇ ਹਾਂ। ਅਸੀਂ ਰਾਤ ਸਮੇਂ ਸੁੱਤੇ ਪਏ ਹੋਏ ਸੀ ਤਾਂ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ। ਅੱਗ ਦੇ ਕਾਰਨ ਮੇਰਾ 50 ਹਜ਼ਾਰ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਜੇਕਰ ਅੱਗ ਲੱਗਣ ਬਾਰੇ ਸਮੇਂ ਸਿਰ ਪਤਾ ਨਾ ਲੱਗਦਾ ਤਾਂ ਸਾਰਾ ਪਰਿਵਾਰ ਹੀ ਅਸੀਂ ਵਿੱਚ ਸੜ ਸਕਦੇ ਸੀ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇੱਥੇ ਝੁਗੀਆਂ ਨੂੰ ਅੱਗ ਲੱਗੀ ਸੀ। ਪ੍ਰੇਮ ਚੰਦ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਇੱਕ ਪ੍ਰਾਈਵੇਟ ਠੇਕੇ ਨੇ ਲਗਭਗ 100 ਕੰਕਰੀਟ ਦੇ ਘਰ ਬਣਾਏ ਸਨ ਅਤੇ ਸਰਕਾਰ ਨੇ ਵੀ ਕੰਕਰੀਟ ਦੇ ਘਰ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਬਾਕੀ ਘਰ ਅੱਜ ਤੱਕ ਨਹੀਂ ਬਣਾਏ ਗਏ ਹਨ। ਸਾਡਾ ਨਹਿਰ ਦਾ ਪੁਲ ਬਹੁਤ ਛੋਟਾ ਹੈ ,ਜੋ ਵੱਡਾ ਪਾਸ ਹੋਇਆ ਹੈ ਪਰ ਅਜੇ ਤੱਕ ਬਣਨ ਨਹੀਂ ਲੱਗਿਆ।
ਇੱਥੇ ਅਸੀਂ ਉੜੀਸਾ ਬਿਹਾਰ ਅਤੇ ਯੂਪੀ ਦੇ ਵਸਨੀਕ ਰਹਿੰਦੇ ਹਾਂ ਕਿਉਂਕਿ ਪਹਿਲਾਂ ਅਸੀਂ ਥਰਮਲ ਵਿੱਚ ਕੰਮ ਕਰਦੇ ਸੀ ਪਰ ਹੁਣ ਥਰਮਲ ਬੰਦ ਹੋ ਗਿਆ। ਹੁਣ ਅਸੀਂ ਦਿਹਾੜੀ ਮਜ਼ਦੂਰੀ ਕਰਦੇ ਹਾਂ ,ਸਾਡੇ ਵੱਲ ਸਰਕਾਰ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਡੀਸੀ ਅਤੇ ਹੋਰ ਲੀਡਰ ਇਥੇ ਬਹੁਤ ਵਾਰ ਆ ਚੁੱਕੇ ਹਨ, ਪਰ ਹਰ ਵਾਰ ਉਹ ਸਿਰਫ਼ ਭਰੋਸਾ ਦੇ ਕੇ ਵਾਪਸ ਆਉਂਦੇ ਹਨ।
- PTC NEWS