ਚੰਡੀਗੜ੍ਹ ਤੋਂ ਜਲਦ ਸ਼ੁਰੂ ਹੋਣਗੀਆਂ ਅਯੁੱਧਿਆ ਅਤੇ ਨਾਂਦੇੜ ਸਾਹਿਬ ਲਈ ਉਡਾਣਾਂ
Punjab News: ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਾਂਦੇੜ ਸਾਹਿਬ ਅਤੇ ਅਯੁੱਧਿਆ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਇੰਡੀਗੋ ਅਤੇ ਵਿਸਤਾਰਾ ਏਅਰਲਾਈਨਜ਼ ਨੇ ਇਨ੍ਹਾਂ ਦੋਵਾਂ ਧਾਰਮਿਕ ਸਥਾਨਾਂ ਲਈ ਸਲਾਟਾਂ ਦੀ ਮੰਗ ਕੀਤੀ ਹੈ, ਜਿਸ ਦੀ ਪ੍ਰਕਿਰਿਆ ਏਅਰਪੋਰਟ ਅਥਾਰਟੀ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਸਲਾਟ ਅਲਾਟ ਹੁੰਦੇ ਹੀ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਤੋਂ ਅੰਤਿਮ ਮਨਜ਼ੂਰੀ ਲਈ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਰਦੀਆਂ ਦੀ ਸਮਾਂ-ਸਾਰਣੀ ਤੋਂ ਪਹਿਲਾਂ ਇਨ੍ਹਾਂ ਦੋਵਾਂ ਥਾਵਾਂ ਲਈ ਉਡਾਣਾਂ ਸ਼ੁਰੂ ਹੋ ਜਾਣਗੀਆਂ।
ਸ਼ਰਧਾਲੂਆਂ ਲਈ ਵੱਡੀ ਰਾਹਤ
ਨਾਂਦੇੜ ਸਾਹਿਬ ਅਤੇ ਅਯੁੱਧਿਆ ਲਈ ਉਡਾਣਾਂ ਦੀ ਭਾਰੀ ਮੰਗ ਦੇ ਮੱਦੇਨਜ਼ਰ ਏਅਰਪੋਰਟ ਅਥਾਰਟੀ ਨੇ ਏਅਰਲਾਈਨਜ਼ ਨੂੰ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਟ੍ਰਾਈਸਿਟੀ ਦੇ ਯਾਤਰੀਆਂ ਖਾਸ ਕਰਕੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਚਾਹਵਾਨ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ।
ਹਵਾਈ ਅੱਡਾ ਅਥਾਰਟੀ ਅਕਤੂਬਰ ਦੇ ਅਖੀਰਲੇ ਹਫ਼ਤੇ ਵਿੱਚ ਆਪਣਾ ਸਰਦੀਆਂ ਦਾ ਸਮਾਂ-ਸਾਰਣੀ ਜਾਰੀ ਕਰਦੀ ਹੈ, ਅਤੇ ਸ਼ਰਧਾਲੂਆਂ ਨੂੰ ਉਮੀਦ ਹੈ ਕਿ ਇਹ ਨਵੀਆਂ ਉਡਾਣਾਂ ਇਸ ਸਮਾਂ-ਸਾਰਣੀ ਤੋਂ ਪਹਿਲਾਂ ਸ਼ੁਰੂ ਹੋ ਜਾਣਗੀਆਂ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀਈਓ ਅਜੈ ਵਰਮਾ ਨੇ ਕਿਹਾ ਕਿ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਉਡਾਣਾਂ ਉਪਲਬਧ ਹੋ ਜਾਣਗੀਆਂ।
ਵਰਨਣਯੋਗ ਹੈ ਕਿ 2018 ਵਿੱਚ ਏਅਰ ਇੰਡੀਆ ਨੇ ਨਾਂਦੇੜ ਸਾਹਿਬ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਸੀ, ਜੋ ਹਫ਼ਤੇ ਵਿੱਚ ਤਿੰਨ ਦਿਨ ਚਲਦੀ ਸੀ ਅਤੇ ਲਗਭਗ 90 ਪ੍ਰਤੀਸ਼ਤ ਭਰੀਆਂ ਹੋਈਆਂ ਜਾਂਦੀਆਂ ਸੀ। ਪਰ, ਇਹ ਸੇਵਾ ਮਈ 2022 ਵਿੱਚ ਬੰਦ ਕਰ ਦਿੱਤੀ ਗਈ ਸੀ। ਹੁਣ ਇਸ ਸੇਵਾ ਨੂੰ ਦੁਬਾਰਾ ਸ਼ੁਰੂ ਕਰਨ ਲਈ ਇੰਡੀਗੋ ਅਤੇ ਵਿਸਤਾਰਾ ਏਅਰਲਾਈਨਜ਼ ਵੱਲੋਂ ਪਹਿਲਕਦਮੀ ਕੀਤੀ ਜਾ ਰਹੀ ਹੈ।
ਇਹ ਕਦਮ ਨਾ ਸਿਰਫ਼ ਸ਼ਰਧਾਲੂਆਂ ਲਈ ਲਾਹੇਵੰਦ ਹੋਵੇਗਾ, ਸਗੋਂ ਚੰਡੀਗੜ੍ਹ ਜਾਣ ਵਾਲੇ ਹੋਰ ਯਾਤਰੀਆਂ ਲਈ ਵੀ ਵੱਡੀ ਰਾਹਤ ਸਾਬਤ ਹੋਵੇਗਾ।
- PTC NEWS