Former CM Channi: ਮੈਨੂੰ ਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ 'ਤੇ ਟਾਰਚਰ ਕਰ ਰਿਹਾ ਸੀਐਮ ਮਾਨ : ਸਾਬਕਾ ਸੀਐਮ ਚੰਨੀ
CM Mann Vs Former CM Channi: CM ਮਾਨ ਵੱਲੋਂ ਲਗਾਏ ਗਏ ਆਰੋਪਾਂ ਤੇ ਸਾਬਕਾ CM ਚਰਨਜੀਤ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦਾ ਭਤੀਜਾ ਜਸ਼ਨ, ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਵੀ ਮੌਜੂਦ ਸਨ। ਆਪਣੀ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਿਛਲੇ ਸਵਾ ਸਾਲ ਤੋਂ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਕਦੇ ਮਾਨ ਸਰਕਾਰ ਵਿਧਾਨ ਸਭਾ ਵਿਚ ਮੇਰੀਆਂ ਫ਼ਾਈਲਾਂ ਖੋਲ੍ਹਣ ਦੀ ਗੱਲ ਕਰਦੇ ਹਨ ਅਤੇ ਹੋਰ ਵੱਖ ਵੱਖ ਢੰਗਾਂ ਨਾਲ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਮੇਰੇ ਭਾਣਜੇ ਜਾਂ ਭਤੀਜੇ ਨੂੰ ਮਿਲੋ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ਭਤੀਜੇ ਦਾ ਸਾਰਾ ਪਰਿਵਾਰ ਡਾਕਟਰ ਹੈ ਅਤੇ ਖ਼ੁਦ ਮੇਰਾ ਭਤੀਜਾ ਵੀ ਡਾਕਟਰ ਦੀ ਨੌਕਰੀ ਕਰ ਰਿਹਾ ਹੈ ਅਤੇ ਉਹ ਉਸ ਸਮੇਂ ਵੀ ਨੌਕਰੀ ਕਰ ਰਿਹਾ ਸੀ। ਇਸ ਪੜ੍ਹਨ ਲਿਖਣ ਵਾਲੇ ਮੁੰਡੇ ਸਮੇਤ ਹੁਣ ਮਾਨ ਸਰਕਾਰ ਨੇ ਮੇਰੇ ਪਰਿਵਾਰ ਨੂੰ ਵੀ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਚੰਨੀ ਨੇ ਕਿਹਾ ਕਿ ਮੇਰਾ ਭਤੀਜਾ ਸਿਰਫ਼ ਮੇਰੇ ਸਹੁੰ ਚੁੱਕ ਸਮਾਗਮ 'ਚ ਆਇਆ ਸੀ ਜਦਕਿ ਇਸ ਤੋਂ ਇਲਾਵਾ ਉਹ ਕਦੇ ਮੇਰੇ ਨਾਲ ਕਿਤੇ ਨਹੀਂ ਆਇਆ। ਚੰਨੀ ਨੇ ਅੱਗੇ ਕਿਹਾ ਕਿ ਜੇਕਰ ਕ੍ਰਿਕੇਟ ਖ਼ਿਡਾਰੀ ਜੋ ਕਿ ਮੇਰੇ 'ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ, ਨੂੰ ਪਤਾ ਸੀ ਕਿ ਉਸਦਾ ਕੇਸ ਬਿਲਕੁੱਲ ਠੀਕ ਹੈ ਅਤੇ ਉਸਦੀ ਨੌਕਰੀ ਬਣਦੀ ਹੈ ਤਾਂ ਉਹ ਪਿਛਲੇ ਡੇਢ ਸਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂ ਨਹੀਂ ਮਿਲਿਆ। ਚੰਨੀ ਨੇ ਅੱਗੇ ਕਿਹਾ ਕਿ ਇਕ ਸੋਚੀ ਸਮਝੀ ਸ਼ਾਜਿਸ਼ ਤਹਿਤ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ।
ਉਥੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਭਤੀਜੇ ਜਸ਼ਨ ਨੂੰ ਮੀਡੀਆ ਸਾਹਮਣੇ ਸਾਹਮਣੇ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਵਿਰੋਧ ਕਰਦਾ ਹੈ ਸਰਕਾਰ ਉਸਦੇ ਖਿਲਾਫ ਹੋ ਜਾਂਦੀ ਹੈ। ਉਥੇ ਹੀ ਖਿਡਾਰੀ ਦੇ ਸਾਹਮਣੇ ਆਉਣ ਤੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਖਿਡਾਰੀ ਨੂੰ ਸਰਕਾਰ ਕੋਲ ਜਾਣ ਲਈ ਡੇਢ ਸਾਲ ਕਿਉਂ ਲੱਗਿਆ ਕਿਉਂਕਿ ਸਰਕਾਰ ਨਾਲ ਖਿਡਾਰੀ ਦਾ ਸੌਦਾ ਹੋਇਆ ਹੈ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਸੀ। ਸੀਐਮ ਮਾਨ ਨੇ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਭਤੀਜੇ ਵੱਲੋਂ ਖਿਡਾਰੀ ਤੋਂ ਪੈਸੇ ਮੰਗਣ ਬਾਰੇ ਜਾਣਕਾਰੀ ਜਨਤਕ ਕਰਨ ਲਈ ਕਿਹਾ ਹੈ। ਨਹੀਂ ਤਾਂ CM ਭਗਵੰਤ ਮਾਨ ਖੁਦ ਪੰਜਾਬ ਦੇ ਸਾਹਮਣੇ ਪੂਰੀ ਜਾਣਕਾਰੀ ਸਾਂਝੀ ਕਰਨਗੇ।
ਜ਼ਿਕਰਯੋਗ ਹੈ ਕਿ ਸਾਬਕਾ ਸੀ.ਐਮ. ਚਰਨਜੀਤ ਚੰਨੀ ਦਾ ਬਿਆਨ ਸਾਹਮਣੇ ਆਇਆ ਸੀ। ਦਰਅਸਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸੀ.ਐਮ. ਮਾਨ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਚੰਨੀ ਨੇ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ। ਚੰਨੀ ਨੇ ਕਿਹਾ ਕਿ ਉਨ੍ਹਾਂ 'ਤੇ ਲੱਗੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਸਾਰੇ ਦੋਸ਼ ਝੂਠੇ ਹਨ, ਉਨ੍ਹਾਂ ਦੇ ਭਤੀਜੇ ਨੇ ਵੀ ਅਜਿਹਾ ਕੁਝ ਨਹੀਂ ਕੀਤਾ, ਜਿਵੇਂ ਕਿ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ।
ਚੰਨੀ ਦਾ ਕਹਿਣਾ ਹੈ ਕਿ ਉਸ ਦੇ ਭਤੀਜੇ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਕੇਸ ਦਰਜ ਕਰੋ। ਚੰਨੀ ਨੇ ਕਿਹਾ ਕਿ ਮੈਂ ਅੱਜ ਤੱਕ ਕਿਸੇ ਤੋਂ ਇੱਕ ਰੁਪਿਆ ਵੀ ਰਿਸ਼ਵਤ ਨਹੀਂ ਲਈ ਹੈ। ਮੈਂ ਅਜਿਹੇ ਝੂਠੇ ਇਲਜ਼ਾਮਾਂ ਤੋਂ ਘਬਰਾਉਣ ਵਾਲਾ ਨਹੀਂ ਅਤੇ ਨਾ ਹੀ ਭੱਜਣ ਵਾਲਾ ਹਾਂ।
- PTC NEWS