France Violence: ਨਹੀਂ ਰੁਕ ਰਹੀ ਫਰਾਂਸ ‘ਚ ਹਿੰਸਾ, ਰਾਸ਼ਟਰਪਤੀ ਮੈਕਰੋਨ ਨੇ ਰੱਦ ਕੀਤਾ ਜਰਮਨੀ ਦਾ ਦੌਰਾ, ਜਾਣੋ ਹੁਣ ਤੱਕ ਦੀ ਅਪਡੇਟ
France
Violence: ਫਰਾਂਸ ਵਿੱਚ 17 ਸਾਲਾ ਲੜਕੇ ਨੇਹੇਲ ਦੀ ਹੱਤਿਆ ਤੋਂ ਬਾਅਦ ਚੌਥੇ ਦਿਨ ਵੀ ਦੇਸ਼ ਵਿੱਚ ਹਿੰਸਾ ਜਾਰੀ ਰਹੀ। ਇਸ ਕਾਰਨ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਆਪਣਾ ਜਰਮਨੀ ਦੌਰਾ ਰੱਦ ਕਰ ਦਿੱਤਾ ਹੈ। ਉਨ੍ਹਾਂ ਜਰਮਨੀ ਦੇ ਰਾਸ਼ਟਰਪਤੀ ਫਰੈਂਕ-ਵਾਲਟਰ ਸਟੇਨਮੀਅਰ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਯਾਤਰਾ ਰੱਦ ਕਰਨ ਦਾ ਐਲਾਨ ਕੀਤਾ। ਦੱਸ ਦਈਏ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਐਤਵਾਰ ਤੋਂ ਤਿੰਨ ਦਿਨਾਂ ਲਈ ਜਰਮਨੀ ਦਾ ਦੌਰਾ ਕਰਨ ਜਾ ਰਹੇ ਸੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੰਗਾਕਾਰੀਆਂ ਨੇ ਫਰਾਂਸ ਵਿੱਚ 500 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਕਰੀਬ 4 ਹਜ਼ਾਰ ਥਾਵਾਂ 'ਤੇ ਅੱਗਜ਼ਨੀ ਦੀਆਂ ਘਟਨਾਵਾਂ 'ਚ 2 ਹਜ਼ਾਰ ਤੋਂ ਵੱਧ ਕਾਰਾਂ ਸੜ ਕੇ ਸੁਆਹ ਹੋ ਗਈਆਂ। ਫਰਾਂਸੀਸੀ ਹਿੰਸਾ ਦੀ ਅੱਗ ਬੈਲਜੀਅਮ ਤੱਕ ਵੀ ਪਹੁੰਚ ਗਈ ਹੈ। ਰਾਜਧਾਨੀ ਬ੍ਰਸੇਲਜ਼ 'ਚ ਹਿੰਸਾ ਫੈਲਾਉਣ ਦੇ ਦੋਸ਼ 'ਚ 100 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਨੇ ਐਮਰਜੈਂਸੀ ਲਗਾਉਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਹਰ ਕਦਮ ਚੁੱਕਾਂਗੇ।
ਪ੍ਰਦਰਸ਼ਨਕਾਰੀਆਂ ਨੇ ਦੇਸ਼ ਭਰ ਵਿੱਚ 2 ਹਜ਼ਾਰ ਤੋਂ ਵੱਧ ਕਾਰਾਂ ਨੂੰ ਸਾੜ ਦਿੱਤਾ ਹੈ। ਪੁਲਿਸ ਨੇ ਚੌਥੇ ਦਿਨ 1300 ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਥਿਤੀ ਨੂੰ ਕਾਬੂ ਕਰਨ ਲਈ 45,000 ਪੁਲਿਸ ਕਰਮਚਾਰੀਆਂ ਦੇ ਨਾਲ ਬਖਤਰਬੰਦ ਵਾਹਨਾਂ ਨੂੰ ਸੜਕਾਂ 'ਤੇ ਤਾਇਨਾਤ ਕੀਤਾ ਗਿਆ ਹੈ।
ਦੱਸ ਦਈਏ ਕਿ ਫਰਾਂਸ ਵਿੱਚ 14 ਜੁਲਾਈ ਨੂੰ ਰਾਸ਼ਟਰੀ ਦਿਵਸ ਮਨਾਇਆ ਜਾਵੇਗਾ। ਇਸ ਦਿਨ ਬੈਸਟੀਲ ਡੇ ਪਰੇਡ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਹਿੰਸਾ ਦੇ ਵਿਚਕਾਰ, ਸਰਕਾਰ ਨੇ ਪੂਰੇ ਫਰਾਂਸ ਵਿੱਚ ਰਾਤ ਭਰ ਬੱਸ ਅਤੇ ਟਰਾਮ ਸੇਵਾ ਨੂੰ ਮੁਅੱਤਲ ਕਰ ਦਿੱਤਾ ਹੈ। ਕਈ ਦੁਕਾਨਾਂ ਵਿੱਚ ਲੁੱਟ ਦੀਆਂ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਹਨ।
ਕਾਬਿਲੇਗੌਰ ਹੈ ਕਿ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ 17 ਸਾਲਾ ਨਾਹੇਲ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਗੋਲੀ ਮਾਰੀ ਗਈ ਸੀ ਜਿਸ ਤੋਂ ਬਾਅਦ ਨਾਹੇਲ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਹਿੰਸਾ ਭੜਕੀ ਅਤੇ ਹੁਣ ਤੱਕ ਹੋਏ ਦੰਗਿਆਂ 'ਚ ਪੁਲਿਸ ਹੁਣ ਤੱਕ 1000 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਬਰਤਾਨੀਆ: ਪੀ.ਐੱਮ. ਰਿਸ਼ੀ ਸੁਨਕ ਵੱਲੋਂ 101 ਸਾਲਾ ਸਿੱਖ ਯੋਧੇ ਦਾ ਸਨਮਾਨ
- PTC NEWS