Chandigarh: ਚੰਡੀਗੜ੍ਹ 'ਚ ਮੀਂਹ ਦਾ ਕਹਿਰ, ਪਿਛਲੇ 24 ਘੰਟਿਆ ਵਿੱਚ 322.2 MM ਬਰਸਾਤ, ਤੋੜੇ ਸਾਰੇ ਰਿਕਾਰਡ
Chandigarh: ਚੰਡੀਗੜ੍ਹ ਦੇ ਲੋਕਾਂ ਨੇ ਪਹਿਲੀ ਵਾਰ ਅਜਿਹਾ ਤੇਜ਼ ਮੀਂਹ ਦੇਖਣ ਨੂੰ ਮਿਲਿਆ। ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ 24 ਘੰਟਿਆਂ ਵਿੱਚ 322.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਸ਼ਨੀਵਾਰ ਸਵੇਰੇ 8:30 ਵਜੇ ਤੋਂ ਐਤਵਾਰ ਸਵੇਰੇ 8:30 ਵਜੇ ਤੱਕ 322.2 ਮਿਲੀਮੀਟਰ ਮੀਂਹ ਪਿਆ ਹੈ। ਚੰਡੀਗੜ੍ਹ ਵਿੱਚ 24 ਘੰਟਿਆਂ ਵਿੱਚ ਇੰਨੀ ਬਾਰਿਸ਼ ਪਹਿਲਾਂ ਕਦੇ ਨਹੀਂ ਹੋਈ।
ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ 'ਚ ਸ਼ਨੀਵਾਰ ਸਵੇਰ ਤੋਂ ਸ਼ੁਰੂ ਹੋਇਆ ਮੀਂਹ ਐਤਵਾਰ ਸਵੇਰ ਤੱਕ ਜਾਰੀ ਰਿਹਾ। ਸ਼ਨੀਵਾਰ ਰਾਤ ਨੂੰ ਪਏ ਮੀਂਹ ਕਾਰਨ ਚੰਡੀਗੜ੍ਹ 'ਚ ਸੁਖਨਾ ਝੀਲ ਦੇ ਫਲੱਡ ਗੇਟ ਸਵੇਰੇ 5:30 ਵਜੇ ਖੋਲ੍ਹ ਦਿੱਤੇ ਗਏ ਹਨ। ਦੂਜੇ ਪਾਸੇ ਧਨਾਸ ਦੇ ਸੈਕਟਰ 26 ਬਾਪੂਧਾਮ ਦੇ ਪੁਲ ਉਪਰੋਂ ਪਾਣੀ ਵਹਿ ਰਿਹਾ ਹੈ। ਇਨ੍ਹਾਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਲਗਾਤਾਰ ਪੈ ਰਹੇ ਮੀਂਹ ਕਾਰਨ ਚੰਡੀਗੜ੍ਹ ਦੇ ਪਿੰਡਾਂ ਦੀਆਂ ਕਲੋਨੀਆਂ ਦਾ ਬੁਰਾ ਹਾਲ ਹੈ। ਮਨੀਮਾਜਰਾ, ਸ਼ਾਸਤਰੀ ਨਗਰ, ਭਗਵਾਨਪੁਰਾ, ਧਨਾਸ, ਮਲੋਆ ਸਮੇਤ ਕਈ ਸੈਕਟਰਾਂ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ ਹੈ। ਫੈਦਾ ਪਿੰਡ ਵਿੱਚ ਸਥਿਤੀ ਬਦਤਰ ਹੈ।
ਜਾਣੋ ਕਿੱਥੇ-ਕਿੱਥੇ ਚੰਡੀਗੜ੍ਹ ਪੁਲਿਸ ਨੇ ਐਡਵਾਈਜ਼ਰੀ ਕੀਤੀ ਜਾਰੀ :
ਚੰਡੀਗੜ੍ਹ ਪੁਲਿਸ ਨੇ ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਉਨ੍ਹਾਂ ਲੋਕਾਂ ਨੂੰ ਸੀਟੀਯੂ ਵਰਕਸ਼ਾਪ ਨੇੜੇ ਇੰਡਸਟਰੀਅਲ ਏਰੀਆ ਫੇਜ਼ 1, ਸੈਕਟਰ 17 ਨੇੜੇ ਪ੍ਰੈਸ ਲਾਈਟ, ਟ੍ਰਿਬਿਊਨ ਚੌਕ ਆਦਿ ਵਿੱਚ ਨਾ ਆਉਣ ਦੀ ਸਲਾਹ ਦਿੱਤੀ ਹੈ।
ਡੱਡੂਮਾਜਰਾ ਵਿੱਚ ਡੰਪਿੰਗ ਗਰਾਊਂਡ ਦੀ ਡਿੱਗੀ ਕੰਧ ਡੱਡੂਮਾਜਰਾ ਵਿੱਚ ਡੰਪਿੰਗ ਗਰਾਊਂਡ ਦੀ ਕੰਧ ਦਾ ਇੱਕ ਹਿੱਸਾ ਢਹਿ ਗਿਆ ਹੈ। ਇਸ ਕਾਰਨ ਕੁਝ ਘਰਾਂ ਵਿੱਚ ਮੀਂਹ ਦਾ ਪਾਣੀ ਵੀ ਜਮ੍ਹਾਂ ਹੋ ਗਿਆ ਹੈ। ਇਹ ਕੰਧ ਪ੍ਰਸ਼ਾਸਨ ਵੱਲੋਂ ਕੁਝ ਦਿਨ ਪਹਿਲਾਂ ਹੀ ਬਣਾਈ ਗਈ ਸੀ।
ਐਮਰਜੈਂਸੀ ਨੰਬਰ ਕੀਤੇ ਜਾਰੀ :
ਮੋਹਾਲੀ ਪ੍ਰਸ਼ਾਸਨ ਨੇ ਐਮਰਜੈਂਸੀ ਨੰਬਰ ਜਾਰੀ ਕੀਤੇ ਹਨ ਮੁਹਾਲੀ ਵਿੱਚ ਵੀ ਮੀਂਹ ਕਾਰਨ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਪ੍ਰਸ਼ਾਸਨ ਨੇ ਹੜ੍ਹ ਦੀ ਸਥਿਤੀ ਲਈ ਐਮਰਜੈਂਸੀ ਨੰਬਰ ਜਾਰੀ ਕੀਤੇ ਹਨ। ਐਮਰਜੈਂਸੀ ਦੀ ਸੂਰਤ ਵਿੱਚ ਮੋਹਾਲੀ ਲਈ ਮਨਦੀਪ ਸਿੰਘ ਨੂੰ 0172-229505,73476-61642, ਸਰਬਜੀਤ ਸਿੰਘ ਨੂੰ 0160-2280853, ਖਰੜ ਲਈ 96642-34000 ਅਤੇ ਸਰਵਜੀਤ ਸਿੰਘ ਨੂੰ 01762-283224 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
- PTC NEWS