Diljit Dosanjh ਦੀ ਵਜ੍ਹਾ ਨਾਲ ਬਾਰਡਰ 2 'ਤੇ ਵੀ ਮੁਸੀਬਤ ? ਅਮਿਤ ਸ਼ਾਹ ਤੱਕ ਪਹੁੰਚੀ ਸ਼ਿਕਾਇਤ , ਸ਼ੂਟਿੰਗ ਰੋਕਣ ਦੀ ਕੀਤੀ ਮੰਗ
Diljit Dosanjh : ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਵਿਵਾਦਾਂ ਵਿੱਚ ਹੈ। ਇਸ ਦੌਰਾਨ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਬਾਰਡਰ 2 ਦੀ ਸ਼ੂਟਿੰਗ ਰੋਕਣ ਦੀ ਮੰਗ ਕੀਤੀ ਹੈ। ਇਸ ਲਈ ਫੈਡਰੇਸ਼ਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਿਆ ਹੈ। ਦਿਲਜੀਤ ਇਸ ਫਿਲਮ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਬਾਰਡਰ 2 ਦੀ ਸ਼ੂਟਿੰਗ ਨੈਸ਼ਨਲ ਡਿਫੈਂਸ ਅਕੈਡਮੀ, ਪੁਣੇ ਵਿੱਚ ਚੱਲ ਰਹੀ ਹੈ।
ਅਮਿਤ ਸ਼ਾਹ ਨੂੰ ਲਿਖਿਆ ਪੱਤਰ
ਅਮਿਤ ਸ਼ਾਹ ਨੂੰ ਲਿਖੇ ਪੱਤਰ ਵਿੱਚ ਲਿਖਿਆ ਹੈ ਕਿ ਬਾਰਡਰ 2 ਦੀ ਸ਼ੂਟਿੰਗ ਦੀ ਇਜਾਜ਼ਤ ਐਨਡੀਏ ਪੁਣੇ ਵਿੱਚ ਦਿੱਤੀ ਗਈ ਹੈ। ਫੈਡਰੇਸ਼ਨ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਦਿਲਜੀਤ ਦੋਸਾਂਝ ਦਾ ਬਾਈਕਾਟ ਕੀਤਾ ਹੈ ਕਿਉਂਕਿ ਉਸਨੇ ਭਾਰਤੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੱਸਿਆ ਗਿਆ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਹੀ ਦਿਲਜੀਤ ਨੇ ਪਾਕਿਸਤਾਨੀ ਅਦਾਕਾਰਾ ਨਾਲ ਕੰਮ ਕਰਕੇ ਭਾਰਤ ਵਿਰੋਧੀ ਕੰਮ ਕੀਤਾ ਹੈ।
ਪ੍ਰਡਿਊਸਰ ਨੂੰ ਵੀ ਲਿਖਿਆ ਪੱਤਰ
ਪੱਤਰ ਵਿੱਚ ਅੱਗੇ ਲਿਖਿਆ ਹੈ, 'ਐਨਡੀਏ ਫੌਜ ਦੀ ਕੁਰਬਾਨੀ ਦਾ ਰਾਸ਼ਟਰੀ ਪ੍ਰਤੀਕ ਹੈ। ਉਸਨੂੰ ਕਿਸੇ ਫਿਲਮ ਦੇ ਪਿਛੋਕੜ ਵਿੱਚ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ , ਜਿਸ ਵਿੱਚ ਅਜਿਹਾ ਅਦਾਕਾਰ ਹੈ ,ਜਿਸਦਾ ਜਨਤਾ ਅਤੇ ਉਸਦੇ ਪੇਸ਼ੇ ਦੇ ਲੋਕ ਬਾਈਕਾਟ ਕਰ ਰਹੇ ਹਨ। ਫੈਡਰੇਸ਼ਨ ਨੇ ਅਮਿਤ ਸ਼ਾਹ ਨੂੰ ਬਾਰਡਰ 2 ਦੀ ਸ਼ੂਟਿੰਗ ਰੁਕਵਾਉਣ ਦੀ ਬੇਨਤੀ ਕੀਤੀ ਹੈ। FWICE ਨੇ ਬਾਰਡਰ 2 ਦੇ ਨਿਰਮਾਤਾਵਾਂ ਨੂੰ ਇੱਕ ਪੱਤਰ ਵੀ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਨੇ ਦਿਲਜੀਤ ਦੋਸਾਂਝ ਨਾਲ ਸ਼ੂਟਿੰਗ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਕੀ ਹੈ ਸਰਦਾਰ ਜੀ 3 ਦਾ ਵਿਵਾਦ
ਦਿਲਜੀਤ ਦੋਸਾਂਝ ਸਰਦਾਰ ਜੀ 3 ਦੇ ਪ੍ਰਡਿਊਸਰਾਂ ਵਿੱਚੋਂ ਇੱਕ ਹੈ। ਪਹਿਲਗਾਮ ਹਮਲੇ ਤੋਂ ਬਾਅਦ ਲੋਕ ਸੋਚ ਰਹੇ ਸਨ ਕਿ ਹਨੀਆ ਆਮਿਰ ਫਿਲਮ ਵਿੱਚ ਨਹੀਂ ਹੋਵੇਗੀ। ਹਾਲਾਂਕਿ ਹਾਲ ਹੀ ਵਿੱਚ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਉਹ ਫਿਲਮ ਵਿੱਚ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਵਿੱਚ ਦਿਖਾਈ ਦੇ ਰਹੀ ਹੈ। ਇਸ ਕਾਰਨ ਭਾਰਤ ਦੇ ਲੋਕਾਂ ਦੀ ਨਾਰਾਜ਼ਗੀ ਤੋਂ ਬਾਅਦ ਪ੍ਰਡਿਊਸਰਾਂ ਨੇ ਕਿਹਾ ਕਿ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ। ਹਾਲਾਂਕਿ, ਪਾਕਿਸਤਾਨ ਦੇ ਕੁਝ ਸ਼ਹਿਰਾਂ ਵਿੱਚ ਫਿਲਮ ਰਿਲੀਜ਼ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਭਾਰਤ ਦੇ ਲੋਕਾਂ ਦੀ ਨਾਰਾਜ਼ਗੀ ਵਧ ਗਈ। ਇਸ ਦੇ ਨਾਲ ਹੀ ਪ੍ਰਡਿਊਸਰਾਂ ਦਾ ਕਹਿਣਾ ਹੈ ਕਿ ਪਹਿਲਗਾਮ ਹਮਲੇ ਤੋਂ ਪਹਿਲਾਂ ਹਨੀਆ ਨਾਲ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ।
- PTC NEWS