ਗੈਂਗਸਟਰ ਲਾਡੀ ਸ਼ੂਟਰ ਦੀ ਗੋਲੀਆਂ ਮਾਰ ਕੇ ਹੱਤਿਆ, ਜਾਂਚ 'ਚ ਜੁਟੀ ਪੁਲਿਸ
ਫਿਰੋਜ਼ਪੁਰ: ਬੀਤੀ ਰਾਤ ਫਿਰੋਜ਼ਪੁਰ ਵਿੱਚ ਨੌਜਵਾਨ ਦਾ ਕਤਲ ਹੋਇਆ ਹੈ। ਇਸ ਨੌਜਵਾਨ ਦਾ ਪਿਛੋਕੜ ਵੀ ਅਪਰਾਧਿਕ ਮਾਮਲਿਆਂ ਨਾਲ ਜੁੜਿਆ ਹੋਇਆ ਸੀ। ਲਾਡੀ ਸ਼ੂਟਰ ਨਾਮੀ ਨੌਜਵਾਨ ਦਾ ਲੰਘੀ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਇੱਕ ਦਰਜਨ ਤੋਂ ਵੱਧ ਸੰਗੀਨ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਗੈਂਗਸਟਰ ਲਾਡੀ ਸ਼ੂਟਰ ਦੀ ਲੰਘੀ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਾਤ ਸਾਢੇ ਨੌਂ ਵਜੇ ਦੇ ਕਰੀਬ ਸ਼ਹਿਰ ਦੀ ਸਭ ਤੋਂ ਵੱਧ ਭੀੜ-ਭੜੱਕੇ ਵਾਲੀ ਸੜਕ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਵਾਲੀ ਥਾਂ ਥਾਣਾ ਸਿਟੀ ਤੋਂ ਮਹਿਜ਼ ਸੌ ਮੀਟਰ ਦੀ ਦੂਰੀ ਤੇ ਸਥਿਤ ਹੈ। ਪੁਲਿਸ ਹਮਲਾਵਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਐੱਸ.ਪੀ (ਇਨਵੈਸਟੀਗੇਸ਼ਨ) ਰਣਧੀਰ ਕੁਮਾਰ ਨੇ ਦੱਸਿਆ ਕਿ ਲਾਡੀ ਉੱਪਰ ਵੱਖ-ਵੱਖ ਥਾਣਿਆਂ ਵਿੱਚ ਪੰਦਰਾਂ ਦੇ ਕਰੀਬ ਮਾਮਲੇ ਦਰਜ ਸਨ। ਉਹ ਕਈ ਕੇਸਾਂ ਵਿੱਚ ਪੁਲਿਸ ਨੂੰ ਵੀ ਲੋੜੀਂਦਾ ਸੀ। ਬੀਤੀ ਰਾਤ ਉਹ ਸ਼ਹਿਰ ਕਿਸੇ ਕੰਮ ਵਾਸਤੇ ਆਇਆ ਸੀ ਜਿਸ ਬਾਰੇ ਹਮਲਾਵਰਾਂ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਮਿਲ ਗਈ ਸੀ। ਸ਼ਹਿਰ ਦੀ ਮੋਦੀ ਮਿੱਲ ਵਾਲੀ ਸੜਕ 'ਤੇ ਉਸ ਉੱਪਰ ਅਚਾਨਕ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
- PTC NEWS