Bathinda Jail Gangster: ਮੁੜ ਭੁੱਖ ਹੜਤਾਲ ‘ਤੇ ਬਠਿੰਡਾ ਕੇਂਦਰੀ ਜੇਲ੍ਹ ‘ਚ ਬੰਦ ਗੈਂਗਸਟਰ, ਦਿੱਤੀ ਇਹ ਚਿਤਾਵਨੀ
ਮੁਨੀਸ਼ ਗਰਗ ( ਬਠਿੰਡਾ, 5 ਮਈ): ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਹਾਈ ਸਕਿਓਰਟੀ ਜ਼ੋਨ ਵਿੱਚ ਬੰਦ ਸੂਬੇ ਦੇ ਚਾਰ ਦਰਜਨ ਤੋਂ ਵਧ ਗੈਂਗਸਟਰਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਲੰਘੀ 15 ਮਈ ਨੂੰ ਜੇਲ੍ਹ ਅਧਿਕਾਰੀਆਂ ਵਲੋਂ 30 ਮਈ ਤੱਕ ਮੰਗਾਂ ਪੂਰੀਆਂ ਕਰਨ ਦੇ ਦਿੱਤੇ ਭਰੋਸੇ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ ਇੰਨ੍ਹਾਂ ਗੈਂਗਸਟਰਾਂ ਵਲੋਂ ਹੁਣ 1 ਜੂਨ ਤੋਂ ਤੀਜੀ ਵਾਰ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਗੈਂਗਸਟਰਾਂ ਨੇ 10 ਮਈ ਤੋਂ 15 ਮਈ ਤੱਕ ਭੁੱਖ ਹੜਤਾਲ ਕੀਤੀ ਸੀ, ਜਿਸਨੂੰ ਬਠਿੰਡਾ ਦੀ ਏਡੀਸੀ ਮੈਡਮ ਪੱਲਵੀ ਅਤੇ ਐਸ.ਪੀ ਅਜੈ ਗਾਂਧੀ ਦੀ ਅਗਵਾਈ ਹੇਠ ਬਣੀ ਟੀਮ ਨੇ ਖ਼ਤਮ ਕਰਵਾਇਆ ਸੀ। ਇੱਕ ਵਾਰ ਅਪ੍ਰੈਲ ਮਹੀਨੇ ਵਿਚ ਵੀ ਇੰਨ੍ਹਾਂ ਵਲੋਂ ਭੁੱਖ ਹੜਤਾਲ ਕੀਤੀ ਗਈ ਸੀ।
'ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ ਹੜਤਾਲ'
ਉਧਰ ਹੁਣ ਭੁੱਖ ਹੜਤਾਲ 'ਤੇ ਬੈਠੇ ਗੈਂਗਸਟਰਾਂ ਨੇ ਐਲਾਨ ਕੀਤਾ ਹੈ ਕਿ ਉਹ ਅਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਤੋਂ ਬਾਅਦ ਹੀ ਹੜਤਾਲ ਖ਼ਤਮ ਕਰਨਗੇ।
ਜੇਲ੍ਹ ਵਿਭਾਗ ਵੱਲੋਂ ਬਣਾਈ ਗਈ ਕਮੇਟੀ
ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਵਿਭਾਗ ਵਲੋਂ ਇੰਨ੍ਹਾਂ ਹੜਤਾਲੀ ਗੈਂਗਸਟਰਾਂ ਦੇ ਮਾਮਲੇ ਨੂੰ ਹੱਲ ਕਰਨ ਲਈ ਜੇਲ੍ਹ ਵਿਭਾਗ ਦੇ ਆਈ.ਜੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਹੈ, ਜਿਸਦੇ ਵਲੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਗੈਂਗਸਟਰਾਂ ਦੀਆਂ ਬੈਰਕਾਂ ਦੇ ਵਿਚ ਟੈਲੀਵੀਜ਼ਨ ਲਗਾਉਣ ਦਾ ਭਰੋਸਾ ਦਿੱਤਾ ਹੈ। ਪਤਾ ਚੱਲਿਆ ਹੈ ਕਿ ਇਸ ਕਮੇਟੀ ਵਲੋਂ ਟੀਵੀ ਦੀ ਖ਼ਰੀਦ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਟੈਲੀਵੀਜ਼ਨ ਲਗਾਉਣ ਦੀ ਕੀਤੀ ਜਾ ਰਹੀ ਤਿਆਰੀ
ਸੂਤਰਾਂ ਮੁਤਾਬਕ ਨਿਯਮਾਂ ਮੁਤਾਬਕ ਹਾਈ ਸਕਿਓਰਟੀ ਜ਼ੋਨ ਵਿਚ ਬੰਦ ਅਪਰਾਧੀਆਂ ਨੂੰ ਇਹ ਸਹੂਲਤ ਦਿੱਤੀ ਜਾ ਸਕਦੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਬਠਿੰਡਾ ਜੇਲ੍ਹ ਹਾਈ ਸਕਿਓਰਟੀ ਜ਼ੋਨ ਵਿਚ ਕੁੱਲ 30 ਸੈੱਲ ਅਤੇ 5 ਬੈਰਕਾਂ ਬਣੀਆ ਹੋਈਆਂ ਹਨ। ਜੇਲ੍ਹ ਅਧਿਕਾਰੀਆਂ ਦੀ ਕਮੇਟੀ ਵਲੋਂ ਇੰਨ੍ਹਾਂ ਪੰਜਾਂ ਬੈਰਕਾਂ ਵਿਚ ਟੈਲੀਵੀਜ਼ਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਹਰ ਸੈੱਲ ਵਿਚ ਟੈਲੀਵੀਜ਼ਨ ਲਗਾਉਣ ਦੀ ਕੀਤੀ ਜਾ ਰਹੀ ਮੰਗ
ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੜਤਾਲ 'ਤੇ ਬੈਠੇ ਗੈਂਗਸਟਰਾਂ ਵਲੋਂ ਹਰ ਸੈੱਲ ਵਿਚ ਟੈਲੀਵੀਜ਼ਨ ਦੀ ਮੰਗ ਕੀਤੀ ਜਾ ਰਹੀ ਹੈ, ਜਿੱਥੇ ਉਨ੍ਹਾਂ ਨੂੰ ਇਕੱਲੇ-ਇਕੱਲੇ ਨੂੰ ਬੰਦ ਕਰਕੇ ਰੱਖਿਆ ਜਾਂਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜੇਲ੍ਹ ਅੰਦਰ ਨਿਯਮਾਂ ਦੇ ਉਲਟ ਜਾ ਕੇ ਉਨ੍ਹਾਂ ਨੂੰ ਮਿਲੇ ਹੋਏ ਮਨੁੱਖੀ ਅਧਿਕਾਰਾਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ। ਇਸ ਮਾਮਲੇ ਵਿਚ ਕਈ ਵਾਰ ਕੋਸ਼ਿਸ ਕਰਨ ਦੇ ਬਾਵਜੂਦ ਜੇਲ੍ਹ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ।
ਕੀ ਹਨ ਗੈਂਗਸਟਰਾਂ ਦੀਆਂ ਮੰਗਾਂ
ਭੁੱਖ ਹੜਤਾਲ 'ਤੇ ਬੈਠੇ ਇੰਨ੍ਹਾਂ ਗੈਂਗਸਟਰਾਂ ਵਲੋਂ ਜੇਲ੍ਹ ਅੰਦਰ ਬਣੇ ਹਾਈ ਸਕਿਓਰਟੀ ਜ਼ੋਨ ਦੇ ਹਰੇਕ ਸੈੱਲ ਅੰਦਰ ਟੈਲੀਵੀਜ਼ਨ ਲਗਾਉਣ ਤੋਂ ਇਲਾਵਾ ਜੇਲ੍ਹ ਅੰਦਰੋਂ ਟੈਲੀਫ਼ੋਨ ਰਾਹੀਂ 10 ਮਿੰਟ ਆਪਣੇ ਪਰਿਵਾਰ ਅਤੇ ਵਕੀਲ ਨਾਲ ਗੱਲਬਾਤ ਕਰਨ ਦੀ ਦਿੱਤੀ ਜਾ ਰਹੀ ਸਹੂਲਤ ਨੂੰ ਵਧਾ ਕੇ 15 ਮਿੰਟ ਕਰਨ ਅਤੇ ਗੱਲ ਵਾਲੇ ਵਿਅਕਤੀਆਂ ਦੀ ਲਿਸਟ ਵੀ 5 ਤੋਂ ਵਧਾ ਕੇ 10 ਕਰਨ ਲਈ ਕਿਹਾ ਜਾ ਰਿਹਾ ਹੈ। ਇਸੇ ਤਰ੍ਹਾਂ ਇੱਕ ਹੋਰ ਮੰਗ ਵਿਚ ਇੰਨ੍ਹਾਂ ਨੂੰ ਹਫ਼ਤੇ 'ਚ ਜੇਲ੍ਹ ਦੇ ਕੰਟੀਨ ਵਿਚੋਂ ਸਮਾਨ ਖ਼ਰੀਦਣ ਲਈ 1500 ਰੁਪਏ ਖਰਚਣ ਦੀ ਦਿੱਤੀ ਸਹੂਲਤ ਨੂੰ ਵਧਾ ਕੇ 2500 ਰੁਪਏ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Rebel Major General Subeg Singh: ਦੇਸ਼ ਦੀ ਇਸ ਗਲਤੀ ਨੇ ਮੇਜਰ ਜਨਰਲ ਸੁਬੇਗ ਸਿੰਘ ਨੂੰ ਬਣਾਇਆ ਬਾਗ਼ੀ ਅਤੇ ਭੁਗਤਿਆ ਉਸਦਾ ਖਾਮਿਆਜ਼ਾ
- PTC NEWS