Bengaluru stampede : ਬੈਂਗਲੁਰੂ ਘਟਨਾ 'ਤੇ ਬੋਲੇ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ,ਕਿਹਾ - 'ਜੇ ਭੀੜ ਨੂੰ ਕਾਬੂ ਨਹੀਂ ਕਰ ਸਕਦੇ ਤਾਂ ਅਜਿਹੇ ਜਸ਼ਨ ਦੀ ਜ਼ਰੂਰਤ ਨਹੀਂ ਸੀ'
Bengaluru stampede : ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਬੈਂਗਲੁਰੂ ਵਿੱਚ ਹੋਈ ਦੁਖਦਾਈ ਭਗਦੜ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਕਦੇ ਵੀ ਰੋਡ ਸ਼ੋਅ ਦੇ ਸਮਰਥਕ ਨਹੀਂ ਰਹੇ। ਮੁੱਖ ਕੋਚ ਨੇ ਕਿਹਾ ਕਿ ਜੇਕਰ ਅਸੀਂ ਰੋਡ ਸ਼ੋਅ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ ਤਾਂ ਸਾਨੂੰ ਇਹ (ਸਨਮਾਨ ਸਮਾਰੋਹ) ਨਹੀਂ ਕਰਨਾ ਚਾਹੀਦਾ ਸੀ। ਕੋਲਕਾਤਾ ਵਿੱਚ 2 ਆਈਪੀਐਲ ਖਿਤਾਬ ਜਿੱਤਣ ਵਾਲੇ ਸਮਾਰੋਹਾਂ ਅਤੇ ਭਾਰਤ ਦੇ 2007 ਦੇ ਟੀ-20 ਵਿਸ਼ਵ ਕੱਪ ਜਿੱਤਣ ਦੀ ਮੁਹਿੰਮ ਦਾ ਹਿੱਸਾ ਰਹੇ ਗੌਤਮ ਗੰਭੀਰ ਨੇ ਸਾਰਿਆਂ ਨੂੰ 'ਜ਼ਿੰਮੇਵਾਰ ਨਾਗਰਿਕ' ਬਣਨ ਅਤੇ ਲੋਕਾਂ ਦੇ ਇਸ ਲਈ ਤਿਆਰ ਨਹੀਂ ਹੋਣ ਦੀ ਸਥਿਤੀ 'ਚ ਅਜਿਹਾ ਸਮਾਰੋਹ ਨਾ ਕਰਨ ਦੀ ਅਪੀਲ ਕੀਤੀ।
ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਮੈਂ ਕਦੇ ਵੀ ਰੋਡ ਸ਼ੋਅ ਦਾ ਸਮਰਥਕ ਨਹੀਂ ਰਿਹਾ। ਸਾਨੂੰ ਜ਼ਿੰਮੇਵਾਰ ਨਾਗਰਿਕ ਬਣਨ ਦੀ ਲੋੜ ਹੈ। ਜਦੋਂ ਮੈਂ ਖੇਡ ਰਿਹਾ ਸੀ , ਓਦੋਂ ਵੀ ਮੈਨੂੰ ਇਸ ਗੱਲ 'ਤੇ ਯਕੀਨ ਸੀ। ਮੈਂ 2007 ਵਿੱਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵੀ ਇਹੀ ਗੱਲ ਕਹੀ ਸੀ। ਜੇਕਰ ਅਸੀਂ ਰੋਡ ਸ਼ੋਅ ਕਰਨ ਲਈ ਤਿਆਰ ਨਹੀਂ ਸੀ ਤਾਂ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਸਾਰਿਆਂ ਦੀ ਜ਼ਿੰਦਗੀ ਬਹੁਤ ਮਹੱਤਵਪੂਰਨ ਹੈ। ਮੈਨੂੰ ਉਮੀਦ ਹੈ ਕਿ ਭਵਿੱਖ ਵਿੱਚ ਅਜਿਹੇ ਰੋਡ ਸ਼ੋਅ ਨਹੀਂ ਹੋਣਗੇ। ਜੋ ਵੀ ਹੋਇਆ ਉਹ ਗਲਤ ਹੈ। ਸਾਰਿਆਂ ਨਾਲ ਮੇਰੀਆਂ ਸੰਵੇਦਨਾਵਾਂ। ਸਾਨੂੰ ਜ਼ਿੰਮੇਵਾਰ ਹੋਣ ਦੀ ਲੋੜ ਹੈ।
ਇੱਕ ਖਿਡਾਰੀ ਅਤੇ ਇੱਕ ਫਰੈਂਚਾਇਜ਼ੀ ਦੇ ਤੌਰ 'ਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਹਰ ਚੀਜ਼ ਨੂੰ ਕਿਵੇਂ ਪ੍ਰਬੰਧਿਤ ਕਰਦੇ ਹਾਂ। ਗੰਭੀਰ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਕਿ ਇਸ ਲਈ ਕੌਣ ਜ਼ਿੰਮੇਵਾਰ ਸੀ। ਉਨ੍ਹਾਂ ਅੱਗੇ ਕਿਹਾ, "ਭਵਿੱਖ ਵਿੱਚ ਸਾਨੂੰ ਇਨ੍ਹਾਂ ਰੋਡ ਸ਼ੋਅ ਦੀ ਯੋਜਨਾ ਬਣਾਉਂਦੇ ਸਮੇਂ ਥੋੜ੍ਹਾ ਹੋਰ ਸੁਚੇਤ ਰਹਿਣਾ ਚਾਹੀਦਾ ਹੈ। ਅਸੀਂ ਸਟੇਡੀਅਮ ਦੇ ਅੰਦਰ ਅਜਿਹੇ ਸਮਾਗਮ ਕਰਵਾਉਣ ਬਾਰੇ ਵਿਚਾਰ ਕਰ ਸਕਦੇ ਹਾਂ। ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਪ੍ਰਸ਼ੰਸਕ ਉਤਸ਼ਾਹਿਤ ਹੋ ਜਾਂਦੇ ਹਨ, ਪ੍ਰਸ਼ੰਸਕ ਭਾਵੁਕ ਹੋ ਜਾਂਦੇ ਹਨ ਪਰ ਜ਼ਿੰਦਗੀ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਅਸੀਂ ਕਿਸੇ ਵੀ ਸਮੇਂ 11 ਲੋਕਾਂ ਨੂੰ ਨਹੀਂ ਗੁਆ ਸਕਦੇ। ਮੇਰੇ ਲਈ, ਰੋਡ ਸ਼ੋਅ ਨਹੀਂ ਹੋਣਾ ਚਾਹੀਦਾ ਸੀ।
ਆਰਸੀਬੀ ਵੱਲੋਂ ਵੀਰਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਭਗਦੜ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੱਲ੍ਹ ਬੰਗਲੁਰੂ ਵਿੱਚ ਵਾਪਰੀ ਮੰਦਭਾਗੀ ਘਟਨਾ ਨੇ ਆਰਸੀਬੀ ਪਰਿਵਾਰ ਨੂੰ ਬਹੁਤ ਦਰਦ ਅਤੇ ਪੀੜਾ ਦਿੱਤੀ ਹੈ। ਆਰਸੀਬੀ ਨੇ ਪੀੜਤਾਂ ਪ੍ਰਤੀ ਸਤਿਕਾਰ ਅਤੇ ਏਕਤਾ ਪ੍ਰਗਟ ਕੀਤੀ ਹੈ ਅਤੇ ਹਾਦਸੇ ਵਿੱਚ ਮਾਰੇ ਗਏ 11 ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਦੁਖਦਾਈ ਘਟਨਾ ਵਿੱਚ ਜ਼ਖਮੀ ਹੋਏ ਪ੍ਰਸ਼ੰਸਕਾਂ ਦੀ ਮਦਦ ਲਈ ਆਰਸੀਬੀ ਕੇਅਰਜ਼ ਨਾਮਕ ਇੱਕ ਫੰਡ ਵੀ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਚੱਲ ਰਹੇ ਆਰਸੀਬੀ ਦੇ ਸਨਮਾਨ ਸਮਾਰੋਹ ਦੌਰਾਨ ਸਟੇਡੀਅਮ ਦੇ ਬਾਹਰ ਭਗਦੜ ਮਚਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ 33 ਹੋਰ ਜ਼ਖਮੀ ਹੋ ਗਏ ਸਨ।
- PTC NEWS