Giani Raghbir Singh ਨੇ ਪੰਜਾਬੀ ਦੀ ਮਹੱਤਤਾ ’ਤੇ ਦਿੱਤਾ ਜ਼ੋਰ ,ਕਿਹਾ -ਪੰਜਾਬੀ ਨੂੰ ਆਸਟ੍ਰੇਲੀਆ 'ਚ ਮਿਲੀ 17ਵੀਂ ਭਾਸ਼ਾ ਵਜੋਂ ਮਾਨਤਾ
Amritsar News : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬੀ ਭਾਸ਼ਾ ਦੀ ਮੌਜੂਦਾ ਹਾਲਤ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਕੁਝ ਰਿਪੋਰਟਾਂ ਅਨੁਸਾਰ ਪੰਜਾਬੀ ਬੋਲਣ ’ਤੇ ਜੁਰਮਾਨੇ ਵੀ ਕੀਤੇ ਜਾਂਦੇ ਹਨ, ਜੋ ਪੰਜਾਬ ਵਰਗੇ ਸੂਬੇ ਲਈ ਬਹੁਤ ਦੁਖਦਾਈ ਗੱਲ ਹੈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਦੇ ਉਲਟ ਖ਼ਬਰ ਆਈ ਹੈ ਕਿ ਆਸਟ੍ਰੇਲੀਆ ਸਰਕਾਰ ਨੇ ਪੰਜਾਬੀ ਨੂੰ ਆਪਣੀ 17ਵੀਂ ਅਧਿਕਾਰਕ ਭਾਸ਼ਾ ਵਜੋਂ ਮਾਨਤਾ ਦਿੱਤੀ ਹੈ। ਇਹ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਅਤੇ ਆਸਟ੍ਰੇਲੀਆਈ ਸਰਕਾਰ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ, ਜਿਸਨੇ ਪਰਦੇਸੀ ਧਰਤੀ ’ਤੇ ਪੰਜਾਬੀ ਦੀ ਸ਼ਾਨ ਵਧਾਈ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਅਤੇ ਇਸਨੂੰ ਹਰ ਪੱਧਰ ’ਤੇ ਸਨਮਾਨ ਮਿਲਣਾ ਲਾਜ਼ਮੀ ਹੈ। ਜਿਵੇਂ ਵਿਦੇਸ਼ਾਂ ਵਿੱਚ ਪੰਜਾਬੀ ਨੂੰ ਮਾਨਤਾ ਮਿਲ ਰਹੀ ਹੈ, ਓਸੇ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਪੰਜਾਬੀ ਨੂੰ ਪੂਰੀ ਤਰ੍ਹਾਂ ਮਾਤ ਭਾਸ਼ਾ ਵਜੋਂ ਦਰਜਾ ਦੇਣਾ ਚਾਹੀਦਾ ਹੈ।
ਗਿਆਨੀ ਰਘਬੀਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਮਾਂ ਬੋਲੀ ’ਤੇ ਮਾਣ ਕਰਨ ਅਤੇ ਇਸਦੀ ਵਰਤੋਂ ਨੂੰ ਵਧਾਵਣ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੀ ਭਾਸ਼ਾ ਨੂੰ ਆਪ ਹੀ ਛੱਡਾਂਗੇ ਤਾਂ ਹੋਰ ਕੋਈ ਵੀ ਇਸਦੀ ਕਦਰ ਨਹੀਂ ਕਰੇਗਾ। ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਸਾਡੀ ਪਹਿਚਾਣ ਅਤੇ ਵਿਰਾਸਤ ਹੈ।
- PTC NEWS