Gidderbaha News : ਗਿੱਦੜਬਾਹਾ ਦੇ ਵਕੀਲ ਦਾ ਵੱਡਾ ਫੈਸਲਾ, ਚਿੱਟੇ ਦੇ ਤਸਕਰਾਂ ਦੇ ਕੇਸ ਲੜਨ ਤੋਂ ਕੀਤਾ ਇਨਕਾਰ
Gidderbaha News : ਗਿੱਦੜਬਾਹਾ ਵਿੱਚ ਵਕੀਲ ਨਰਾਇਣ ਸਿੰਗਲਾ ਵੱਲੋਂ ਨਸ਼ੇ ਖ਼ਿਲਾਫ਼ ਇੱਕ ਬਹਾਦਰੀ ਭਰਿਆ ਅਤੇ ਇਨਕਲਾਬੀ ਉਪਰਾਲਾ ਕੀਤਾ ਗਿਆ ਹੈ। ਵਕੀਲ ਨੇ ਆਪਣੇ ਚੈਬਰ ਕੋਟ ਕੰਪਲੈਕਸ ਦੇ ਅੰਦਰ ਖ਼ਾਸ ਪੋਸਟਰ ਲਗਾ ਕੇ ਇਹ ਐਲਾਨ ਕੀਤਾ ਹੈ ਕਿ ਉਹ ਚਿੱਟੇ ਦੇ ਤਸਕਰਾਂ ਦੇ ਕੇਸ ਨਹੀਂ ਲੜੇਗਾ। ਉਹਨਾਂ ਨੇ ਕਿਹਾ ਹੈ ਕਿ ਚਿੱਟੇ ਨੇ ਅਣਗਿਣਤ ਪਰਿਵਾਰ ਤਬਾਹ ਕੀਤੇ ਹਨ ਅਤੇ ਕਈ ਨੌਜਵਾਨ ਇਸ ਜ਼ਹਿਰ ਦੀ ਭੇਟ ਚੜ੍ਹ ਗਏ ਹਨ। ਇਸ ਸੋਚ ਨਾਲ ਵਕੀਲ ਨਰਾਇਣ ਸਿੰਗਲਾ ਦਾ ਮੰਨਣਾ ਹੈ ਕਿ ਸਮਾਜ ਨੂੰ ਬਚਾਉਣ ਲਈ ਤਸਕਰਾਂ ਖ਼ਿਲਾਫ਼ ਇਹ ਕਦਮ ਲੈਣਾ ਬਹੁਤ ਜ਼ਰੂਰੀ ਹੈ।
ਗਿੱਦੜਬਾਹਾ ਦੇ ਵਕੀਲ ਨੇ ਨਸ਼ੇ, ਖ਼ਾਸ ਕਰਕੇ ਚਿੱਟੇ ਦੀ ਵੱਧਦੀ ਬੁਰਾਈ ਨੂੰ ਦੇਖਦੇ ਹੋਏ ਇੱਕ ਬਹੁਤ ਹੀ ਸਖ਼ਤ ਪਰ ਸਮਾਜਕ ਤੌਰ ‘ਤੇ ਮਹੱਤਵਪੂਰਨ ਫੈਸਲਾ ਲਿਆ ਹੈ। ਕੋਰਟ ਕੰਪਲੈਕਸ ਦੇ ਅੰਦਰ ਖ਼ਾਸ ਪੋਸਟਰ ਲਗਾਏ ਗਏ ਹਨ, ਜਿਸ ਵਿੱਚ ਸਪੱਸ਼ਟ ਤੌਰ ‘ਤੇ ਲਿਖਿਆ ਹੈ ਕਿ ਉਹ ਚਿੱਟੇ ਦੇ ਤਸਕਰਾਂ ਦਾ ਕੋਈ ਵੀ ਕੇਸ ਨਹੀਂ ਲੜੇਗਾ। ਵਕੀਲ ਨੇ ਕਿਹਾ ਹੈ ਕਿ ਚਿੱਟੇ ਨੇ ਕਈ ਘਰ ਬਰਬਾਦ ਕੀਤੇ ਹਨ ,ਕਿਸੇ ਦੇ ਪੁੱਤਰ ਇਸ ਜ਼ਹਿਰ ਦੀ ਚਪੇਟ ਵਿੱਚ ਆਏ, ਕਿਸੇ ਦੇ ਭਰਾ ਅਤੇ ਕਿਸੇ ਦੇ ਪਤੀ ਨਸ਼ੇ ਨਾਲ ਆਪਣੀ ਜ਼ਿੰਦਗੀ ਗਵਾ ਬੈਠੇ।
ਵਕੀਲ ਨੇ ਕਿਹਾ ਕਿ ਗਲਤੀ ਇੱਕ ਵਾਰ ਹੁੰਦੀ ਹੈ ਪਰ ਜਦੋਂ ਕੋਈ ਵਾਰ ਵਾਰ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਉਹ ਸਿਰਫ਼ ਕਾਨੂੰਨੀ ਦੋਸ਼ੀ ਨਹੀਂ, ਸਗੋਂ ਸਮਾਜ ਦਾ ਵੱਡਾ ਜ਼ਿੰਮੇਵਾਰ ਨੁਕਸਾਨ ਕਰਨ ਵਾਲਾ ਬਣ ਜਾਂਦਾ ਹੈ। ਇਸ ਲਈ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਲੋਕ ਚਿੱਟਾ ਵੇਚਦੇ ਹਨ, ਸਮਾਜ ਨੂੰ ਨਸ਼ੇ ਵਿੱਚ ਧੱਕਦੇ ਹਨ, ਉਹਨਾਂ ਦੇ ਕੇਸ ਲੜ ਕੇ ਉਹ ਕਦੇ ਵੀ ਉਹਨਾਂ ਦੀ ਹਿੰਮਤ ਨਹੀਂ ਵਧਾਉਣਗੇ।
ਪਰ ਵਕੀਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇ ਪੁਲਿਸ ਵੱਲੋਂ ਕਿਸੇ ਬੇਗੁਨਾਹ ਦੇ ਨਾਲ ਨਿਆਂ ਨਹੀਂ ਹੋ ਰਿਹਾ, ਜਾਂ ਕਿਸੇ ‘ਤੇ ਝੂਠਾ ਚਿੱਟੇ ਦਾ ਕੇਸ ਪਾਇਆ ਜਾਂਦਾ ਹੈ, ਤਦ ਉਹ ਅਜਿਹੇ ਲੋਕਾਂ ਦੀ ਕਾਨੂੰਨੀ ਮਦਦ ਜ਼ਰੂਰ ਕਰਨਗੇ। ਉਹਨਾਂ ਨੇ ਕਿਹਾ ਕਿ ਸਹੀ ਮਾਮਲਿਆਂ ਵਿੱਚ ਉਹ ਹਮੇਸ਼ਾ ਅਵਾਜ਼ ਬੁਲੰਦ ਕਰਨਗੇ ਪਰ ਪੇਸ਼ੇ ਨੂੰ ਨਸ਼ੇ ਦੇ ਤਸਕਰਾਂ ਦੀ ਸਹਾਇਤਾ ਲਈ ਕਦੇ ਵੀ ਵਰਤਣ ਨਹੀਂ ਦੇਣਗੇ।
ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼
- PTC NEWS